SC ਪਹੁੰਚੇ ਨਵਜੋਤ ਸਿੱਧੂ: ਸਰੰਡਰ ਕਰਨ ਲਈ ਮੰਗਿਆ 1 ਹਫ਼ਤੇ ਦਾ ਸਮਾਂ, ਖ਼ਰਾਬ ਸਿਹਤ ਦਾ ਦਿੱਤਾ ਹਵਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਕਰ ਸੁਪਰੀਮ ਕੋਰਟ ਤੋਂ ਰਾਹਤ ਨਾ ਮਿਲੀ ਤਾਂ ਸਿੱਧੂ ਨੂੰ ਅੱਜ ਆਤਮ ਸਮਰਪਣ ਕਰਨਾ ਪਵੇਗਾ।

Navjot Sidhu

 

ਚੰਡੀਗੜ੍ਹ - ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਸੁਪਰੀਮ ਕੋਰਟ ਵਿੱਚ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ਹੈ। ਇਸ ਵਿਚ ਸਿੱਧੂ ਨੇ ਆਤਮ ਸਮਰਪਣ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਹੈ। ਨਵਜੋਤ ਸਿੱਧੂ ਨੇ ਇਸ ਲਈ ਬੀਮਾਰ ਹੋਣ ਦਾ ਹਵਾਲਾ ਦਿੱਤਾ ਹੈ। ਇਸ ਮਾਮਲੇ 'ਚ ਸਿੱਧੂ ਨੂੰ ਸਜ਼ਾ ਸੁਣਾਉਣ ਵਾਲੇ ਬੈਂਚ ਨੇ ਕਿਊਰੇਟਿਵ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਇਸ ਨੂੰ ਚੀਫ਼ ਜਸਟਿਸ ਕੋਲ ਭੇਜ ਦਿੱਤਾ ਗਿਆ ਹੈ।

ਫਿਰ ਵੀ ਜੇਕਰ ਸੁਪਰੀਮ ਕੋਰਟ ਤੋਂ ਰਾਹਤ ਨਾ ਮਿਲੀ ਤਾਂ ਸਿੱਧੂ ਨੂੰ ਅੱਜ ਆਤਮ ਸਮਰਪਣ ਕਰਨਾ ਪਵੇਗਾ। ਇਹ ਵੀ ਦੱਸ ਦਈਏ ਕਿ ਜੇ ਨਵਜੋਤ ਸਿੱਧੂ ਨੂੰ ਅੱਜ ਰਾਹਤ ਮਿਲ ਗਈ ਤਾਂ ਠੀਕ ਹੈ ਨਹੀਂ ਤਾਂ ਫਿਰ ਇਸ ਤੋਂ ਬਾਅਦ ਸੁਪਰੀਮ ਕੋਰਟ ਵਿਚ ਵੀ ਗਰਮੀ ਦੀਆਂ ਛੁੱਟੀਆਂ ਹੋ ਜਾਣਗੀਆਂ ਤੇ ਸਿੱਧੂ ਨੂੰ ਰਾਹਤ ਮਿਲਣੀ ਔਖੀ ਹੈ। 

ਸੁਪਰੀਮ ਕੋਰਟ ਨੇ ਵੀਰਵਾਰ ਨੂੰ 34 ਸਾਲ ਪੁਰਾਣੇ ਰੋਡ ਰੇਜ ਮਾਮਲੇ 'ਚ ਸਿੱਧੂ ਦੀ ਸਜ਼ਾ ਇਕ ਸਾਲ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਸਿੱਧੂ ਦੇ ਸਮਰਪਣ ਸਮੇਂ ਸਮਰਥਕਾਂ ਨੂੰ ਬੁਲਾਇਆ ਗਿਆ ਹੈ। ਇਸ ਸਬੰਧੀ ਪਟਿਆਲਾ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਨਰਿੰਦਰ ਪਾਲ ਲਾਲੀ ਨੇ ਵੀ ਪਾਰਟੀ ਵਰਕਰਾਂ ਨੂੰ ਸੁਨੇਹਾ ਦਿੱਤਾ ਹੈ। ਸਿੱਧੂ ਇਸ ਸਮੇਂ ਆਪਣੇ ਪਟਿਆਲਾ ਸਥਿਤ ਘਰ ਵਿਚ ਮੌਜੂਦ ਹਨ।

ਜਿੱਥੇ ਉਨ੍ਹਾਂ ਦੇ ਸਮਰਥਕਾਂ ਨੇ ਕਾਂਗਰਸੀ ਆਗੂਆਂ ਦਾ ਪੁੱਜਣਾ ਸ਼ੁਰੂ ਕਰ ਦਿੱਤਾ ਹੈ।
ਨਵਜੋਤ ਸਿੱਧੂ ਦੇ ਵਕੀਲ ਨੇ ਵੀ ਇਹ ਕਿਹਾ ਹੈ ਕਿ ਨਵਜੋਤ ਸਿੱਧੂ ਦੀ ਸਿਹਤ ਅਜੇ ਬਿਲਕੁਲ ਠੀਕ ਨਹੀਂ ਹੈ ਜਿਸ ਕਰ ਕੇ ਉਹਨਾਂ ਨੂੰ ਸਰੰਡਰ ਕਰਨ ਲਈ 1 ਤੋਂ 2 ਹਫ਼ਤਿਆਂ ਦਾ ਸਮਾਂ ਚਾਹੀਦਾ ਹੈ।