ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਨੇ ਹਿੰਸਾ ਦੌਰਾਨ ਗੋਲੀ ਮਾਰਨ ਦਾ ਆਦੇਸ਼ ਦੇਣ ਤੋਂ ਕੀਤਾ ਇਨਕਾਰ
ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਨੇ ਹਿੰਸਾ ਦੌਰਾਨ ਗੋਲੀ ਮਾਰਨ ਦਾ ਆਦੇਸ਼ ਦੇਣ ਤੋਂ ਕੀਤਾ ਇਨਕਾਰ
ਕੋਲੰਬੋ, 19 ਮਈ : ਸ੍ਰੀਲੰਕਾ ਵਿਚ ਆਰਥਿਕ ਅਤੇ ਸਿਆਸੀ ਸੰਕਟ ਜਾਰੀ ਹੈ। ਦੇਸ਼ ਭਰ ’ਚ ਸਰਕਾਰ ਵਿਰੁਧ ਪ੍ਰਦਰਸ਼ਨ ਹੋ ਰਹੇ ਹਨ। ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੇ ਵੀਰਵਾਰ ਨੂੰ ਸੰਸਦ ਨੂੰ ਦਸਿਆ ਕਿ ਦੇਸ਼ ਵਿਚ ਚੱਲ ਰਹੀ ਸਰਕਾਰ ਵਿਰੋਧੀ ਹਿੰਸਾ ਦੌਰਾਨ ਰਖਿਆ ਮੰਤਰਾਲੇ ਨੂੰ ਗੋਲੀ ਮਾਰਨ ਦਾ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ। 10 ਮਈ ਨੂੰ ਸ੍ਰੀਲੰਕਾ ਦੇ ਰਖਿਆ ਮੰਤਰਾਲੇ ਨੇ ਫ਼ੌਜ, ਹਵਾਈ ਸੈਨਾ ਅਤੇ ਜਲ ਸੈਨਾ ਨੂੰ ਜਨਤਕ ਜਾਇਦਾਦ ’ਤੇ ਹਮਲਾ ਕਰਨ ਵਾਲੇ ਕਿਸੇ ਵੀ ਨਾਗਰਿਕ ’ਤੇ ਗੋਲੀਬਾਰੀ ਕਰਨ ਦਾ ਹੁਕਮ ਦਿਤਾ ਸੀ। ਰਾਜਪਕਸ਼ੇ ਅਤੇ ਉਨ੍ਹਾਂ ਦੇ ਕਰੀਬੀ ਦੋਸਤਾਂ ਦੀਆਂ ਜਾਇਦਾਦਾਂ ’ਤੇ ਹਿੰਸਕ ਭੀੜ ਨੇ ਹਮਲਾ ਕੀਤਾ ਸੀ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਹਿੰਸਾ ਦੀ ਸ਼ੁਰੂਆਤ ਤੋਂ ਹੁਣ ਤਕ 8 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 250 ਤੋਂ ਵੱਧ ਲੋਕ ਜ਼ਖ਼ਮੀ ਹੋ ਚੁਕੇ ਹਨ।
ਵਿਕਰਮਸਿੰਘੇ ਨੇ ਕਿਹਾ ਕਿ ਅਜਿਹਾ ਕੋਈ ਲਿਖਤੀ ਹੁਕਮ ਜਾਰੀ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਪੁਲਿਸ ਅਪਣੀ ਮਰਜ਼ੀ ਅਨੁਸਾਰ ਗੋਲੀਬਾਰੀ ਬਾਰੇ ਫ਼ੈਸਲਾ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਸੰਸਦ ਦੇ ਕੱੁਝ ਮੈਂਬਰਾਂ ਦੀਆਂ ਜਾਇਦਾਦਾਂ ’ਤੇ ਵੀ ਹਮਲੇ ਹੋਏ ਸਨ ਪਰ ਸਾਈਟ ’ਤੇ ਗੋਲੀ ਚਲਾਉਣ ਦੇ ਹੁਕਮ ਜਾਰੀ ਨਹੀਂ ਕੀਤੇ ਗਏ ਸਨ। ਹਾਲਾਂਕਿ ਰਖਿਆ ਮੰਤਰਾਲੇ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਸ ਨੇ ਹਿੰਸਾ ਨੂੰ ਰੋਕਣ ਲਈ ਗੋਲੀ ਮਾਰਨ ਦਾ ਹੁਕਮ ਜਾਰੀ ਕੀਤਾ ਹੈ। ਕੋਲੰਬੋ ਅਤੇ ਦੇਸ਼ ਦੇ ਹੋਰ ਹਿੱਸਿਆਂ ’ਚ ਸ਼ਾਂਤੀ ਅਤੇ ਵਿਵਸਥਾ ਬਣਾਏ ਰੱਖਣ ਲਈ ਪੁਲਿਸ ਅਤੇ ਫ਼ੌਜ ਨੂੰ ਤਾਇਨਾਤ ਕੀਤਾ ਗਿਆ ਹੈ।
ਆਜ਼ਾਦੀ ਤੋਂ ਬਾਅਦ ਸੱਭ ਤੋਂ ਭੈੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਵਿੱਚ ਰਾਸ਼ਟਰਪਤੀ ਗੋਟਾਬਾਯਾ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਸਥਾਨਕ ਅਖ਼ਬਾਰ ਇਕਾਨਮੀ ਨੈਕਸਟ ਨੇ ਰਿਪੋਰਟ ਦਿਤੀ ਕਿ ਵਿਰੋਧੀ ਤਾਮਿਲ ਨੈਸ਼ਨਲ ਅਲਾਇੰਸ (ਟੀਐਨਏ) ਦੇ ਸੰਸਦ ਮੈਂਬਰ ਐਮਏ ਸੁਮੰਥੀਰਨ ਨੇ ਰਾਸ਼ਟਰਪਤੀ ਰਾਜਪਕਸ਼ੇ ਨਾਲ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਨਿੰਦਾ ਦੇ ਮਤੇ ’ਤੇ ਬਹਿਸ ਲਈ ਸੰਸਦ ਦੇ ਸਥਾਈ ਆਦੇਸ਼ਾਂ ਨੂੰ ਮੁਲਤਵੀ ਕਰਨ ਲਈ ਮਤਾ ਪੇਸ਼ ਕੀਤਾ ਸੀ। (ਏਜੰਸੀ)