ਲੁਧਿਆਣਾ STF ਦੀ ਵੱਡੀ ਕਾਰਵਾਈ, ਢਾਈ ਕਰੋੜ ਰੁਪਏ ਦੀ ਹੈਰੋਇਨ ਸਮੇਤ ਦੋ ਤਸਕਰਾਂ ਨੂੰ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਸਕਰਾਂ ਨੂੰ ਅੱਧਾ ਕਿਲੋ ਹੈਰੋਇਨ ਸਮੇਤ ਕੀਤਾ ਕਾਬੂ

photo

 

ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਵਿਚ ਐਸਟੀਐਫ ਨੇ ਦੋ ਨਸ਼ਾ ਤਸਕਰਾਂ ਨੂੰ ਅੱਧਾ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਜਦਕਿ ਦੋਸ਼ੀ ਦਾ ਇਕ ਦੋਸਤ ਪੁਲਿਸ ਨੂੰ ਚਕਮਾ ਦੇ ਕੇ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ। ਮੁਲਜ਼ਮਾਂ ਸਾਹਨੇਵਾਲ ਅਤੇ ਘੋੜਾ ਛਾਪ ਕਲੋਨੀ ਵਿਚ ਹੈਰੋਇਨ ਦੀ ਤਸਕਰੀ ਕਰਨਾ ਚਾਹੁੰਦੇ ਸਨ, ਜਿਨ੍ਹਾਂ ਨੂੰ ਦੋਰਾਹਾ ਨੇੜੇ ਯਾਦਗਰ ਈਸ਼ਰ ਸਿੰਘ ਗੇਟ ਕੋਲ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ। ਜਦੋਂ ਪੁਲਿਸ ਨੇ ਮੁਲਜ਼ਮਾਂ ਨੂੰ ਕਾਰ ਦੀ ਤਲਾਸ਼ੀ ਲੈਣ ਲਈ ਕਿਹਾ ਤਾਂ ਬਦਮਾਸ਼ਾਂ ਕਾਰ ਛੱਡ ਕੇ ਫਰਾਰ ਹੋ ਗਏ।

ਪੁਲਿਸ ਨੇ ਪਿਛਾ ਕਰਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਕੰਡਕਟਰ ਦੀ ਸੀਟ ਦੇ ਹੇਠਾਂ ਹੈਰੋਇਨ ਮਿਲੀ। ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਭਾਈਲਾ (38) ਵਾਸੀ ਪਿੰਡ ਜੈਪੁਰਾ, ਹਰਮਨਦੀਪ ਸਿੰਘ ਉਰਫ਼ ਮਨੀ (36) ਪਿੰਡ ਬੁਆਣੀ ਵਜੋਂ ਹੋਈ ਹੈ। ਗੱਡੀ ਨੂੰ ਮੁਲਜ਼ਮ ਇੰਦਰਜੀਤ ਸਿੰਘ ਵਾਸੀ ਪਿੰਡ ਲੋਪੋ ਚਲਾ ਰਿਹਾ ਸੀ, ਜੋ ਮੌਕੇ ਤੋਂ ਫਰਾਰ ਹੋ ਗਿਆ। ਮੁਲਜ਼ਮ ਖ਼ਿਲਾਫ਼ ਥਾਣਾ ਐਸਟੀਐਫ ਫੇਜ਼-4 ਮੁਹਾਲੀ ਜ਼ਿਲ੍ਹਾ ਐਸਏਐਸ ਨਗਰ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਜਾਣਕਾਰੀ ਦਿੰਦਿਆਂ ਇੰਸਪੈਕਟਰ ਹਰਬੰਸ ਸਿੰਘ ਨੇ ਦਸਿਆ ਕਿ ਮੁਲਜ਼ਮ ਦੀ ਕਾਰ ਵੀ ਪੁਲਿਸ ਦੇ ਕਬਜ਼ੇ ਵਿਚ ਹੈ। ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਭਾਈਲਾ ਨੇ ਪੁਲਿਸ ਨੂੰ ਦਸਿਆ ਕਿ ਉਹ ਕੋਈ ਕੰਮ ਨਹੀਂ ਕਰਦਾ। ਹੈਰੋਇਨ ਵੇਚਣ ਦਾ ਗੈਰ-ਕਾਨੂੰਨੀ ਧੰਦਾ ਚਲਾਉਂਦਾ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਕਤਲ ਸਮੇਤ ਨਸ਼ਾ ਤਸਕਰੀ ਦੇ ਅੱਧੀ ਦਰਜਨ ਦੇ ਕਰੀਬ ਕੇਸ ਦਰਜ ਹਨ। ਮੁਲਜ਼ਮ ਹਰਮਨਦੀਪ ਸਿੰਘ ਉਰਫ਼ ਮਨੀ ਨੇ ਪੁਲਿਸ ਨੂੰ ਦਸਿਆ ਕਿ ਉਹ ਟਰੱਕ ਡਰਾਈਵਰ ਸੀ।

ਉਸ ਦਾ ਆਪਣਾ ਟਰੱਕ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਤਿੰਨ ਕੇਸ ਦਰਜ ਹਨ। ਕਰੀਬ 5 ਤੋਂ 6 ਸਾਲਾਂ ਤੋਂ ਦੋਸ਼ੀ ਨਸ਼ਾ ਤਸਕਰੀ ਦਾ ਕੰਮ ਕਰਦੇ ਆ ਰਹੇ ਹਨ। ਦੋਸ਼ੀ ਖੁਦ ਵੀ ਨਸ਼ੇ ਦਾ ਸੇਵਨ ਕਰਦੇ ਹਨ। ਦੋਸ਼ੀ ਆਪਸੀ ਮਿੱਤਰ ਹੈ। ਦੋਵੇਂ ਮੁਲਜ਼ਮ ਕਰੀਬ ਦੋ ਸਾਲ ਪਹਿਲਾਂ ਲੁਧਿਆਣਾ ਅਤੇ ਕਪੂਰਥਲਾ ਜੇਲ੍ਹਾਂ ਵਿੱਚੋਂ ਜ਼ਮਾਨਤ ’ਤੇ ਬਾਹਰ ਆਏ ਹਨ। ਪੁਲੀਸ ਅਨੁਸਾਰ ਫਰਾਰ ਮੁਲਜ਼ਮ ਇੰਦਰਜੀਤ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।