ਲਾਰੈਂਸ ਬਿਸ਼ਨੋਈ ਨੂੰ ਹੀਰੋ ਮੰਨਣ ਵਾਲੇ ਗੈਂਗਸਟਰ ਚੜੇ ਪੁਲਿਸ ਅੜਿੱਕੇ, DSP ਗੁਰਸ਼ੇਰ ਨੇ ਦਿੱਤੀ ਸਾਰੀ ਜਾਣਕਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੀਐੱਸਪੀ ਗੁਰਸ਼ੇਰ ਸਿੰਘ ਨੇ ਦੱਸਿਆ ਕਿ ਇਹ ਗੈਂਗਸਟਰ ਬਹੁਤ ਹੀ ਸੰਗੀਨ ਜ਼ੁਰਮ ਵਿਚ ਸਜ਼ਾ ਭੁਗਤ ਰਹੇ ਸਨ

DSP Gursher Singh

ਚੰਡੀਗੜ੍ਹ (ਸ਼ੈਸ਼ਵ ਨਾਗਰਾ) - ਮੁਹਾਲੀ ਪੁਲਿਸ ਵੱਲੋਂ ਅੱਜ 3 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ 'ਤੇ ਪਹਿਲਾਂ ਵੀ 302 ਦਾ ਪਰਚਾ ਹੈ। ਇਹ ਗੈਂਗਸਟਰ ਜਦੋਂ ਜ਼ੀਰਕਪੁਰ ਵਿਚ ਦਾਖਲ ਹੋ ਰਹੇ ਸਨ ਤਾਂ ਪੁਲਿਸ ਨੂੰ ਇਹਨਾਂ ਬਾਰੇ ਸੂਚਨਾ ਮਿਲੀ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। 
ਇਹਨਾਂ ਗੈਂਗਸਟਰਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ।

ਇਹਨਾਂ ਗੈਂਗਸਟਰਾਂ ਦੇ ਫੜੇ ਜਾਣ ਤੋਂ ਬਾਅਦ ਰੋਜ਼ਾਨਾ ਸਪੋਕਸਮੈਨ ਨੇ ਡੀਐੱਸਪੀ ਗੁਰਸ਼ੇਰ ਨਾਲ ਖਾਸ ਗੱਲਬਾਤ ਕੀਤੀ ਜਿਸ ਦੌਰਾਨ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਹੀ ਮਿਲੀ ਸੀ ਕਿ ਇਹ 3 ਗੈਂਗਸਟਰ ਜ਼ੀਰਕਪੁਰ ਵੱਲ਼ ਆ ਰਹੇ ਹਨ ਅਤੇ ਇਹਨਾਂ ਬਾਰੇ ਪਹਿਲਾਂ ਵੀ ਖ਼ਬਰ ਮਿਲੀ ਸੀ ਕਿ ਇਹ ਬਹੁਤ ਹੀ ਖ਼ਤਰਨਾਕ ਗੈਂਗਸਟਰ ਹਨ ਤੇ ਜਦੋਂ ਹੀ ਸਾਨੂੰ ਪਤਾ ਲੱਗਾ ਤਾਂ ਅਸੀਂ ਤੁਰੰਤ ਨਾਕਾਬੰਦੀ ਕਰ ਕੇ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।  

ਡੀਐੱਸਪੀ ਗੁਰਸ਼ੇਰ ਸਿੰਘ ਨੇ ਦੱਸਿਆ ਕਿ ਇਹ ਗੈਂਗਸਟਰ ਬਹੁਤ ਹੀ ਸੰਗੀਨ ਜ਼ੁਰਮ ਵਿਚ ਸਜ਼ਾ ਭੁਗਤ ਰਹੇ ਸਨ ਤੇ ਇਕ ਰਾਜ ਨਾਮ ਦਾ ਜੋ ਵਿਅਕਤੀ ਹੈ ਉਹ ਫਿਰੋਜ਼ਪੁਰ ਦੇ ਪਿੰਡ ਮੁੱਦਕੀ ਦਾ ਰਹਿਣ ਵਾਲਾ ਹੈ। ਬਾਕੀ ਇਹਨਾਂ ਨੂੰ ਰਿਮਾਂਡ 'ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾਂ ਦਾ ਹੋਰ ਅੱਗੇ ਕੀ ਕਰਨ ਦਾ ਇਰਾਦਾ ਸੀ ਇਹਨਾਂ ਦੇ ਕਿਤੇ ਗਲਤ ਮਨਸੂਬੇ ਤਾਂ ਨਹੀਂ ਸਨ। 

ਡੀਐੱਸਪੀ ਗੁਰਸ਼ੇਰ ਨੇ ਦੱਸਿਆ ਕਿ ਇਹਨਾਂ ਗੈਂਗਸਟਰਾਂ ਤੋਂ ਇਕ 30 ਬੋਰ ਤੇ ਇਕ 32 ਬੋਰ ਦਾ ਪਿਸਟਲ ਬਰਾਮਦ ਹੋਇਆ ਹੈ, ਜਿੱਥੇ ਜ਼ੀਰਕਪੁਰ ਇਹ ਰਹਿ ਰਹੇ ਸੀ ਉੱਥੇ 32 ਬੋਰ ਦੇ 2 ਪਿਸਟਲ ਫੜੇ ਗਏ ਹਨ ਤੇ ਨਾਲ ਹੀ ਗੱਡੀ ਵਿਚੋਂ ਰੌਂਦ ਵੀ ਬਰਾਮਦ ਹੋਏ ਹਨ ਜਿਹਨਾਂ ਵਿਚ 3 30 ਬੋਰ ਦੇ ਤੇ ਬਾਕੀ 32 ਬੋਰ ਦੇ ਸਨ। 
ਡੀਐੱਸਪੀ ਨੇ ਦੱਸਿਆ ਕਿ ਇਹ ਹਥਿਆਰ ਨਾਜਾਇਜ਼ ਸਨ ਤੇ ਇਹਨਾਂ ਨੂੰ ਗੈਂਗਸਟਰਾਂ ਨੇ ਗੁਰੂਗ੍ਰਾਮ ਤੋਂ ਲਿਆ ਸੀ, ਬਾਕੀ ਹੋਰ ਜਾਣਕਾਰੀ ਲਈ ਉਹਨਾਂ ਦੀ ਟੀਮ ਗੁਰੂਗ੍ਰਾਮ ਜਾ ਚੁੱਕੀ ਹੈ। 

ਇਹਨਾਂ ਗੈਂਗਸਟਰਾਂ ਨੇ 2018 ਵਿਚ ਇਕ ਮਹਿੰਦਰ ਨਾਮ ਦੇ ਵਪਾਰੀ ਦਾ ਕਤਲ ਕੀਤਾ ਸੀ ਰਜਿੰਦਰ ਨਗਰ ਪੁਲਿਸ ਸਟੇਸ਼ਨ ਗੁਰੂਗ੍ਰਾਮ ਵਿਚ ਇਹਨਾਂ ਖਿਲਾਫ਼ ਪਰਚਾ ਦਰਜ ਸੀ ਤੇ ਇਸ ਵਿਚ ਇਕੋ-ਇਕ ਰਾਜ ਨਾਮ ਦਾ ਵਿਅਕਤੀ ਨਾਮਜ਼ਦ ਹੋਇਆ ਸੀ ਜੋ ਕਿ ਹੁਣ ਪੈਰੋਲ 'ਤੇ ਸੀ। 

ਡੀਐੱਸਪੀ ਗੁਰਸ਼ੇਰ ਨੇ ਦੱਸਿਆ ਕਿ ਜੋ ਪਹਿਲਾ ਵਪਾਰੀ ਦਾ ਕਤਲ ਕੀਤਾ ਗਿਆ ਸੀ ਉਸ ਬਾਰੇ ਵੀ ਗੁਰੂਗ੍ਰਾਮ ਪੁਲਿਸ ਤੋਂ ਜਾਣਕਾਰੀ ਲਈ ਜਾ ਰਹੀ ਹੈ ਤੇ ਪਹਿਲਾਂ ਇਹ ਮੁੰਡੇ ਬਾਊਂਸਰ ਸਨ। ਮੁੱਢਲੀ ਪੁੱਛਗਿੱਛ ਦੌਰਾਨ ਇਹ ਪਤਾ ਲੱਗਾ ਹੈ ਕਿ ਇਹਨਾਂ ਨੇ ਫਿਰੋਜ਼ਪੁਰ ਵਿਚ ਕੁੱਝ ਵਾਰਦਾਤਾਂ ਨੂੰ ਅੰਜ਼ਾਮ ਦੇਣਾ ਸੀ ਤੇ ਬਾਕੀ ਸਾਰੀ ਜਾਣਕਾਰੀ ਡਿਟੇਲ ਵਿਚ ਪ੍ਰੈਸ ਨਾਲ ਸਾਂਝੀ ਕੀਤੀ ਜਾਵੇਗੀ।