Jalandhar News : ਆਪ ਦੇ ਸੀਨੀਅਰ ਆਗੂ ਡਾ. ਮਹਿੰਦਰਜੀਤ ਮਰਵਾਹਾ ਦੀ ਸੜਕ ਹਾਦਸੇ ’ਚ ਮੌਤ ,ਟੀਨੂੰ ਲਈ ਕਰਨ ਜਾ ਰਹੇ ਸੀ ਪ੍ਰਚਾਰ

ਏਜੰਸੀ

ਖ਼ਬਰਾਂ, ਪੰਜਾਬ

ਕਰਤਾਰਪੁਰ ਨੇੜੇ ਟਿੱਪਰ ਨਾਲ ਟਕਰਾਈ ਕਾਰ

Mohinder Singh Marwaha Dies

Jalandhar News : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਡਾਕਟਰ ਵਿੰਗ ਦੇ ਸੂਬਾ ਜਨਰਲ ਸਕੱਤਰ ਡਾ. ਮਹਿੰਦਰਜੀਤ ਸਿੰਘ ਮਰਵਾਹਾ ਦੀ ਕਰਤਾਰਪੁਰ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹ ਆਪਣੀ ਕਾਰ ਰਾਹੀਂ ਕਰਤਾਰਪੁਰ ਚੋਣ ਪ੍ਰਚਾਰ ਲਈ ਜਾ ਰਹੇ ਸਨ। ਇਹ ਹਾਦਸਾ ਅੱਜ ਸਵੇਰੇ ਕਰਤਾਰਪੁਰ ਦੇ ਪਿੰਡ ਲਿੱਦੜਾਂ ਨੇੜੇ ਵਾਪਰਿਆ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦੇ ਸਮੇਂ ਮਰਵਾਹਾ ਆਪਣੀ ਆਰਟਿਕਾ ਕਾਰ ਵਿੱਚ ਜਲੰਧਰ ਤੋਂ ਕਰਤਾਰਪੁਰ ਵੱਲ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਵਿਧੀਪੁਰ ਫਾਟਕ ਦੇ ਸਾਹਮਣੇ ਪਹੁੰਚਿਆ ਤਾਂ ਉਸ ਦੀ ਕਾਰ ਖੜ੍ਹੇ ਟਿੱਪਰ ਨਾਲ ਟਕਰਾ ਗਈ। ਇਸ ਘਟਨਾ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜਦੋਂ ਤੱਕ ਉਸ ਨੂੰ ਹਸਪਤਾਲ ਲਿਜਾਇਆ ਗਿਆ, ਉਸ ਦੀ ਮੌਤ ਹੋ ਚੁੱਕੀ ਸੀ।

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕਰਤਾਰਪੁਰ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਕਰਤਾਰਪੁਰ ਪੁਲੀਸ ਤੋਂ ਪਹਿਲਾਂ ਸੜਕ ਸੁਰੱਖਿਆ ਬਲ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਸੀ ਪਰ ਮਰਵਾਹਾ ਦੀ ਜਾਨ ਨਹੀਂ ਬਚਾਈ ਜਾ ਸਕੀ। ਪੁਲਿਸ ਨੇ ਮਹਿੰਦਰ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਕਰਤਾਰਪੁਰ ਦੀ ਪੁਲੀਸ ਮਾਮਲੇ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਕਰੇਗੀ।

ਮੰਤਰੀ ਬਲਕਾਰ ਦੇ ਕਰੀਬੀ ਮੰਨੇ ਜਾਂਦੇ ਸੀ ਡਾ. ਮਰਵਾਹਾ

ਦੱਸ ਦੇਈਏ ਕਿ ਡਾ. ਮਹਿੰਦਰਜੀਤ ਸਿੰਘ ਮਰਵਾਹਾ , ਕਰਤਾਰਪੁਰ ਹਲਕੇ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਬਲਕਾਰ ਸਿੰਘ ਦੇ ਕਾਫੀ ਕਰੀਬੀ ਮੰਨੇ ਜਾਂਦੇ ਹਨ। ਮਰਵਾਹਾ ਨੂੰ ਬਲਕਾਰ ਸਿੰਘ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ। ਮਰਵਾਹਾ ਮੰਤਰੀ ਬਲਕਾਰ ਸਿੰਘ ਦਾ ਸਾਰਾ ਕੰਮ ਵੀ ਸੰਭਾਲਦੇ ਸੀ। ਮਰਵਾਹਾ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।