AIG ਡਾ. ਰਵਜੋਤ ਗਰੇਵਾਲ ਨੇ ਸਕੂਲ ਆਫ਼ ਐਮੀਨੈਂਸ ਚਮਕੌਰ ਸਾਹਿਬ ਦੀਆਂ ਵਿਦਿਆਰਥਣਾਂ ਨੂੰ UPSC ਦੀ ਤਿਆਰੀ ਸੰਬੰਧੀ ਨੁਕਤੇ ਸਾਂਝੇ ਕੀਤੇ
Punjab News : ਵਿਦਿਆਰਥੀ ਸਹੀ ਰਸਤੇ ਦੀ ਚੋਣ, ਸਖ਼ਤ ਮਿਹਨਤ ਤੇ ਅਨੁਸ਼ਾਸਨ ਨਾਲ ਕਿਸੇ ਵੀ ਮੁਕਾਮ ਨੂੰ ਹਾਸਲ ਕਰ ਸਕਦੇ
Punjab News in Punjabi : 2015 ਬੈਚ ਦੇ ਆਈ.ਪੀ.ਐਸ, ਆਈ ਜੀ ਕਾਊਂਟਰ ਇੰਟੈਲੀਜੈਂਸ ਡਾ. ਰਵਜੋਤ ਗਰੇਵਾਲ ਨੇ ਅੱਜ ਸਕੂਲ ਆਫ਼ ਐਮੀਨੈਂਸ, ਸ੍ਰੀ ਚਮਕੌਰ ਸਾਹਿਬ ਦੀਆਂ ਵਿਦਿਆਰਥਣਾਂ ਨਾਲ਼ ਯੂ ਪੀ ਐੱਸ ਸੀ ਦੀ ਤਿਆਰੀ ਕਰਨ ਦੇ ਨੁਕਤੇ ਸਾਂਝੇ ਕੀਤੇ। ‘ਸਕੂਲ ਮੈਂਟਰਸ਼ਿਪ' ਪ੍ਰੋਗਰਾਮ ਤਹਿਤ ਵਿਦਿਆਰਥਣਾਂ ਲਈ ਲਗਾਏ ਖ਼ਾਸ ਸੈਸ਼ਨ ਵਿੱਚ ਗੱਲਬਾਤ ਕਰਦਿਆਂ ਡਾ. ਰਵਜੋਤ ਗਰੇਵਾਲ ਨੇ ਕਿਹਾ ਕਿ ਸਭ ਤੋਂ ਪਹਿਲਾਂ ਵਿਦਿਆਰਥੀ ਨੂੰ ਆਪਣੇ ਵਿਦਿਅਕ ਉਦੇਸ਼ ਨੂੰ ਲੈ ਕੇ ਫੈਸਲਾਕੁਨ ਹੋਣਾ ਚਾਹੀਦਾ ਹੈ ਕਿ ਉਹ ਭਵਿੱਖ ’ਚ ਕਿਹੜੇ ਖੇਤਰ ਵਿਚ ਜਾਣਾ ਚਾਹੁੰਦੇ ਹਨ ਅਤੇ ਉਸ ਵਿਸ਼ੇ ’ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।
ਰਵਜੋਤ ਗਰੇਵਾਲ ਨੇ ਪੰਜਾਬ ਸਰਕਾਰ ਵੱਲੋਂ ਅਰੰਭੇ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਬਾਰੇ ਵਿਦਿਆਰਥੀਆਂ ਨੂੰ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦੇ ਬੁਨਿਆਦੀ ਢਾਂਚੇ 'ਚ ਲਾਮਿਸਾਲ ਸੁਧਾਰ ਹੋਏ ਹਨ, ਪਰੰਤੂ ਹੁਣ ਵਿਦਿਆਰਥੀਆਂ ਨੂੰ ਰੋਲ ਮਾਡਲ ਦੇਣ ਤੇ ਉਨ੍ਹਾਂ ਦਾ ਸਹੀ ਅਰਥਾਂ 'ਚ ਮਾਰਗਦਰਸ਼ਕ ਕਰਨ ਲਈ ਵੱਖ-ਵੱਖ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।
ਵਿਦਿਆਰਥੀਆਂ ਦੇ ਰੁ-ਬ-ਰੂ ਹੁੰਦਿਆਂ ਰਵਜੋਤ ਗਰੇਵਾਲ ਨੇ ਕਿਹਾ ਕਿ ਸਾਨੂੰ ਜੋ ਵੀ ਮੌਕੇ ਮਿਲਦੇ ਹਨ, ਉਸਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ, ਕਿਉਂਕਿ ਹਰੇਕ ਬੱਚੇ ਦੇ ਅੰਦਰ ਕੋਈ ਨਾ ਕੋਈ ਪ੍ਰਤਿਭਾ ਜਰੂਰ ਛੁਪੀ ਹੁੰਦੀ ਹੈ, ਜਿਸ ਨੂੰ ਬਾਹਰ ਕੱਢਕੇ ਬੱਚੇ ਆਪਣੇ ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਕਰ ਸਕਦੇ ਹਨ।
ਉਨ੍ਹਾਂ ਨੇ ਆਪਣੇ ਵਿਦਿਆਰਥੀ ਹੋਣ ਤੋਂ ਲੈਕੇ ਆਈ.ਪੀ.ਐਸ. ਬਣਨ ਤੱਕ ਦੇ ਤਜੁਰਬੇ ਸਾਂਝੇ ਕਰਦਿਆਂ ਵਿਦਿਆਰਥਣਾਂ ਨੂੰ ਸਹੀ ਰਸਤੇ ਦੀ ਚੋਣ ਕਰਕੇ ਸਖ਼ਤ ਮਿਹਨਤ ਕਰਨ, ਅਨੁਸ਼ਾਸਨ 'ਚ ਰਹਿਣ, ਸਕੂਲੀ ਵਰਦੀ 'ਤੇ ਮਾਣ ਕਰਨ ਅਤੇ ਇੱਕ ਸਫ਼ਲ ਸ਼ਖ਼ਸੀਅਤ ਹੋਣ ਦਾ ਮਾਣ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਹੀ ਰਸਤੇ ਦੀ ਚੋਣ ਕਿਸੇ ਨੂੰ ਵੀ ਉਸਦੀ ਮੰਜ਼ਿਲ ਤੱਕ ਲਾਜਮੀ ਪੁੱਜਦਾ ਕਰਦੀ ਹੈ।
ਉਨ੍ਹਾਂ ਨੇ ਗਿਆਰਵੀਂ ਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਭਵਿੱਖ 'ਚ ਵੱਖ-ਵੱਖ ਤਰ੍ਹਾਂ ਦੇ ਕੀਤੇ ਜਾਣ ਵਾਲੇ ਕੋਰਸਾਂ ਦੀ ਜਾਣਕਾਰੀ ਤੇ ਡਿਜ਼ੀਟਲ ਪਲੈਟਫਾਰਮ ਸਮੇਤ ਸਫ਼ਲਤਾ ਦੇ ਕਈ ਹੋਰ ਰਸਤੇ ਦੱਸੇ। ਉਨ੍ਹਾਂ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੇ ਚਾਹਵਾਨਾਂ ਨੂੰ ਵੀ ਕਈ ਅਹਿਮ ਗੁਰ ਦੱਸੇ।
ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੀ ਇਸ ਨਿਵੇਕਲੀ ਪਹਿਲਕਦਮੀ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਉਚੇਚਾ ਧੰਨਵਾਦ ਕੀਤਾ।
(For more news apart from AIG Dr. Ravjot Grewal shared tips regarding UPSC preparation with students School of Eminence Chamkaur Sahib News in Punjabi, stay tuned to Rozana Spokesman)