ਭਾਰਤ ਦੇ ਚੀਫ਼ ਜਸਟਿਸ ਬੀ.ਆਰ. ਗਵਈ ਨਾਲ ਹੋਈ ਬੇਅਦਬੀ 'ਤੇ ਅਟਵਾਲ ਵੱਲੋਂ ਰਾਸ਼ਟਰੀ ਅਨੂਸੂਚਿਤ ਜਾਤੀ ਆਯੋਗ ਕੋਲੋਂ ਜਾਂਚ ਦੀ ਪੁਰਜ਼ੋਰ ਮੰਗ
ਦਲਿਤ ਸਮਾਜ ਵਿਚ ਇਸ ਘਟਨਾ ਕਾਰਨ ਗਹਿਰੀ ਨਾਰਾਜ਼ਗੀ ਹੈ।
Jalandhar News: ਭਾਰਤੀ ਸੁਪਰੀਮ ਕੋਰਟ ਦੇ ਮਾਨਯੋਗ ਮੁਖੀ ਜਸਟਿਸ ਡਾ. ਭੂਸ਼ਣ ਰਾਮਕ੍ਰਿਸ਼ਨ ਗਵਈ ਨਾਲ ਮਹਾਰਾਸ਼ਟਰ ਦੌਰੇ ਦੌਰਾਨ ਹੋਈ ਪ੍ਰੋਟੋਕੋਲ ਉਲੰਘਣਾ ਅਤੇ ਬੇਅਦਬੀ ਦੇ ਮਾਮਲੇ 'ਤੇ ਭਾਜਪਾ ਪੰਜਾਬ ਦੇ ਸੂਬਾ ਉਪ-ਪ੍ਰਧਾਨ ਇੰਦਰ ਇਕਬਾਲ ਸਿੰਘ ਅਟਵਾਲ ਨੇ ਰਾਸ਼ਟਰੀ ਅਨੂਸੂਚਿਤ ਜਾਤੀ ਆਯੋਗ ਕੋਲੋਂ ਤਤਕਾਲ ਜਾਂਚ ਦੀ ਮੰਗ ਕੀਤੀ ਹੈ।
ਐਸਸੀ-ਐਸਟੀ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੇ ਰਾਸ਼ਟਰੀ ਫੋਰਮ ਦੇ ਕਾਰਜਕਾਰੀ ਪ੍ਰਧਾਨ ਹੋਣ ਦੇ ਨਾਤੇ ਅਟਵਾਲ ਵੱਲੋਂ ਆਯੋਗ ਦੇ ਚੇਅਰਮੈਨ ਕਿਸ਼ੋਰ ਮਕਵਾਣਾ ਨੂੰ ਲਿਖੀ ਗਈ ਸ਼ਿਕਾਇਤ ਵਿੱਚ ਆਖਿਆ ਗਿਆ ਕਿ ਸੀ.ਜੇ.ਆਈ. ਗਵਈ, ਜੋ ਕਿ ਦਲਿਤ ਸਮਾਜ ਨਾਲ ਸਬੰਧਤ ਹਨ, ਦੇ ਮੁੰਬਈ ਦੌਰੇ ਦੌਰਾਨ ਰਾਜ ਦੇ ਮੁੱਖ ਸਕੱਤਰ, ਡੀ.ਜੀ.ਪੀ. ਜਾਂ ਪੁਲਿਸ ਕਮਿਸ਼ਨਰ ਵੱਲੋਂ ਲਾਜ਼ਮੀ ਸਵਾਗਤ ਨਾ ਕਰਨਾ, ਇੱਕ ਗੰਭੀਰ ਪ੍ਰੋਟੋਕੋਲ ਉਲੰਘਣਾ ਹੈ।
ਅਟਵਾਲ ਨੇ ਦਾਅਵਾ ਕੀਤਾ ਕਿ ਇਹ ਕੇਵਲ ਪ੍ਰੋਟੋਕੋਲ ਦੀ ਲਾਪਰਵਾਹੀ ਨਹੀਂ, ਸਗੋਂ ਉੱਚ ਸੰਵਿਧਾਨਕ ਅਹੁਦੇ 'ਤੇ ਬੈਠੇ ਦਲਿਤ ਅਧਿਕਾਰੀ ਨਾਲ ਜਾਤੀ ਅਧਾਰਤ ਭੇਦਭਾਵ ਦੀ ਉਦਾਹਰਨ ਹੈ। ਉਨ੍ਹਾਂ ਨੇ ਆਯੋਗ ਨੂੰ ਅਪੀਲ ਕੀਤੀ ਕਿ ਮੁੱਖ ਸਕੱਤਰ, ਡੀ.ਜੀ.ਪੀ. ਅਤੇ ਹੋਰ ਜ਼ਿੰਮੇਵਾਰ ਅਧਿਕਾਰੀਆਂ ਨੂੰ ਤਲਬ ਕਰਕੇ ਜਾਂਚ ਕੀਤੀ ਜਾਵੇ ਅਤੇ ਦੋਸ਼ ਸਾਬਤ ਹੋਣ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਅਟਵਾਲ ਨੇ ਕਿਹਾ ਕਿ ਸੰਵਿਧਾਨ ਦੇ ਆਰਟੀਕਲ 17 ਦੇ ਤਹਿਤ ਮਿਲੇ ਹੱਕਾਂ ਦੀ ਇਹ ਸਰਾਸਰ ਉਲੰਘਣਾ ਹੈ ਅਤੇ ਦਲਿਤ ਸਮਾਜ ਵਿਚ ਇਸ ਘਟਨਾ ਕਾਰਨ ਗਹਿਰੀ ਨਾਰਾਜ਼ਗੀ ਹੈ।
ਅਟਵਾਲ ਨੇ ਅਖੀਰ ਵਿੱਚ ਕਿਹਾ ਕਿ ਇਹ ਮਾਮਲਾ ਕਿਸੇ ਇੱਕ ਵਿਅਕਤੀ ਦਾ ਨਹੀਂ, ਸਗੋਂ ਸੰਵਿਧਾਨਕ ਅਦਾਲਤੀ ਸੰਸਥਾ ਅਤੇ ਦਲਿਤ ਸਮਾਜ ਦੀ ਇਜ਼ਤ ਨਾਲ ਜੁੜਿਆ ਹੋਇਆ ਹੈ, ਜਿਸ ਦੀ ਰਾਸ਼ਟਰੀ ਪੱਧਰ 'ਤੇ ਜਾਂਚ ਹੋਣੀ ਚਾਹੀਦੀ ਹੈ।