ਮੁੰਬਈ ’ਚ ਦੋ ਕੋਰੋਨਾ ਮਰੀਜ਼ਾਂ ਦੀ ਹੋਈ ਮੌਤ
ਕੋਰੋਨਾ ਤੋਂ ਇਲਾਵਾ ਕੈਂਸਰ ਤੇ ਨੈਫ਼ਰੋਟਿਕ ਸਿੰਡਰੋਮ ਬੀਮਾਰੀ ਨਾਲ ਸਨ ਪੀੜਤ
ਸਿੰਗਾਪੁਰ ਤੇ ਹਾਂਗਕਾਂਗ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਇਸ ਦੌਰਾਨ, ਭਾਰਤ ਦੀ ਆਰਥਿਕ ਰਾਜਧਾਨੀ ਵਿਚ ਦੋ ਕੋਰੋਨਾ ਪੀੜਤਾਂ ਦੀ ਮੌਤ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ, ਮੁੰਬਈ ਦੇ ਕੇਈਐਮ ਹਸਪਤਾਲ ਵਿਚ ਕੋਵਿਡ-19 ਨਾਲ ਸੰਕਰਮਿਤ ਦੋ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕੋਰੋਨਾ ਕਾਰਨ ਮਰਨ ਵਾਲੇ ਦੋ ਲੋਕਾਂ ਦੀ ਸਿਹਤ ਸਥਿਤੀ ਨਾਜ਼ੁਕ ਸੀ। ਇਕ ਮਰੀਜ਼ ਨੂੰ ਮੂੰਹ ਦਾ ਕੈਂਸਰ ਸੀ, ਜਦੋਂ ਕਿ ਦੂਜੇ ਨੂੰ ਨੈਫ਼ਰੋਟਿਕ ਸਿੰਡਰੋਮ ਸੀ। ਦੋਵਾਂ ਦੀ ਮੌਤ ਕੋਵਿਡ-19 ਕਾਰਨ ਨਹੀਂ ਸਗੋਂ ਆਪਣੀਆਂ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਕਾਰਨ ਹੋਈ।
ਇਸ ਤੋਂ ਪਹਿਲਾਂ ਸੋਮਵਾਰ ਨੂੰ, ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਦੀ ਪ੍ਰਧਾਨਗੀ ਹੇਠ ਇਕ ਸਮੀਖਿਆ ਮੀਟਿੰਗ ਹੋਈ, ਜਿਸ ਵਿਚ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ, ਐਮਰਜੈਂਸੀ ਮੈਡੀਕਲ ਰਾਹਤ ਵਿਭਾਗ, ਆਫ਼ਤ ਪ੍ਰਬੰਧਨ ਸੈੱਲ, ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਅਤੇ ਕੇਂਦਰ ਸਰਕਾਰ ਦੇ ਹਸਪਤਾਲਾਂ ਦੇ ਮਾਹਰ ਸ਼ਾਮਲ ਸਨ।
ਦਸਿਆ ਜਾ ਰਿਹਾ ਹੈ ਕਿ ਭਾਰਤ ਵਿਚ ਮੌਜੂਦਾ ਕੋਵਿਡ-19 ਸਥਿਤੀ ਕਾਬੂ ਵਿਚ ਹੈ। 19 ਮਈ ਤਕ ਉਪਲਬਧ ਅੰਕੜਿਆਂ ਦੇ ਅਨੁਸਾਰ, ਭਾਰਤ ਵਿਚ ਕੋਵਿਡ-19 ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਮੌਜੂਦਾ ਗਿਣਤੀ 257 ਹੈ, ਜੋ ਕਿ ਦੇਸ਼ ਦੀ ਵੱਡੀ ਆਬਾਦੀ ਨੂੰ ਦੇਖਦੇ ਹੋਏ ਬਹੁਤ ਘੱਟ ਹੈ।