ਮਹਾਨਗਰ 'ਚ ਲਗਦੇ ਜਾਮ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ
ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਮਹਾਨਗਰ ਲੁਧਿਆਣਾ ਦੀ ਪਛਾਣ ਟ੍ਰੈਫ਼ਿਕ ਜਾਮ ਨਾਲ ਹੋਣ ਲੱਗੀ ਹੈ......
ਲੁਧਿਆਣਾ : ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਮਹਾਨਗਰ ਲੁਧਿਆਣਾ ਦੀ ਪਛਾਣ ਟ੍ਰੈਫ਼ਿਕ ਜਾਮ ਨਾਲ ਹੋਣ ਲੱਗੀ ਹੈ। ਹਰ ਪਾਸੇ ਲਗਦੇ ਜਾਮ ਅਤੇ ਅਤਿ ਦੀ ਗਰਮੀ ਨੇ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨ ਕਰ ਰਖਿਆ ਹੈ। ਜਾਣਕਾਰੀ ਅਨੁਸਾਰ ਜਗਰਾਉਂ ਪੁਲ ਨੂੰ ਚੌੜਾ ਕਰਨ ਦਾ ਕੰਮ ਪਿਛਲੀ ਅਕਾਲੀ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਸੀ ਪਰ ਪੁਲ ਦੇ ਆਸ-ਪਾਸ ਹੋਏ ਕਬਜ਼ਿਆਂ ਕਾਰਨ ਪੁਲ ਦਾ ਕੰਮ ਸਪੀਡ ਨਹੀਂ ਫੜ ਸਕਿਆ।
ਹੁਣ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਕਬਜ਼ੇ ਖ਼ਾਲੀ ਹੋਣ ਤੋਂ ਬਆਦ ਭਾਵੇਂ ਪੁਲ ਦਾ ਕੰਮ ਸ਼ੁਰੂ ਹੋ ਗਿਆ ਹੈ ਪਰ ਟ੍ਰੈਫ਼ਿਕ ਪੁਲਿਸ ਵਲੋਂ ਇਸ ਪੁਲ ਦਾ ਕੋਈ ਠੋਸ ਬਦਲ ਨਾ ਦੇਣ ਕਾਰਨ ਲੋਕਾਂ ਨੂੰ ਇਸ ਪੁਲ ਨੂੰ ਪਾਰ ਕਾਰਨ ਲਈ ਲੰਮਾਂ ਸਮਾਂ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਕਰੀਬ ਇਕ ਮਹੀਨਾ ਪਹਿਲਾਂ ਗਿੱਲ ਚੌਕ ਪੁਲ ਦੀ ਇਕ ਸਲੈਬ ਚੂਹਿਆਂ ਕਾਰਨ ਹਿੱਲ ਗਈ ਸੀ ਜਿਸ ਤੋਂ ਬਾਅਦ ਇਸ ਪੁਲ ਦੀ ਮੁਰੰਮਤ ਕਰਵਾਈ ਜਾ ਰਹੀ ਹੈ।
ਭਾਵੇਂ ਉਸ ਸਮੇਂ ਲੁਧਿਆਣਾ ਦੇ ਮੇਅਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੇ 10 ਦਿਨ ਵਿਚ ਪੁਲ ਸ਼ੁਰੂ ਕਰਨ ਦਾ ਦਾਅਵਾ ਕੀਤਾ ਸੀ ਪਰ ਮਹੀਨੇ ਤੋਂ ਉਪਰ ਸਮਾਂ ਲੰਘ ਜਾਣ 'ਤੇ ਵੀ ਪੁਲ ਸ਼ੁਰੂ ਨਹੀਂ ਹੋਇਆ। ਇਸ ਸਬੰਧੀ ਜਦੋਂ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲ ਸ਼ੁਰੂ ਹੋ ਜਾਣਾ ਸੀ ਪਰ ਬਰਸਾਤ ਕਰ ਕੇ ਲੁੱਕ ਪੈਣ ਵਿਚ ਦੇਰੀ ਹੋ ਗਈ। ਹੋ ਸਕਦਾ ਹੈ ਅੱਜ ਜਾਂ ਕਲ ਪੁਲ ਸ਼ੁਰੂ ਕਰ ਦਿਤਾ ਜਾਵੇ।