ਸਿੱਖ ਕੌਮ 21 ਜੂਨ ਨੂੰ ਯੋਗਾ ਦੀ ਬਜਾਏ ਗਤਕਾ ਦਿਵਸ ਮਨਾਏ: ਕਾਹਨ ਸਿੰਘ ਵਾਲਾ, ਜਥੇਦਾਰ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਲੁਧਿਆਣਾ ....

: Kahan Singh Wala And Jathedar Cheema

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਜਥੇਦਾਰ ਜਸਵੰਤ ਸਿੰਘ ਚੀਮਾ ਨੇ ਕਿਹਾ ਕਿ ਸਿੱਖ ਕੌਮ ਇਕ ਵਖਰੀ ਕੌਮ ਹੈ। ਇਸ ਦੇ ਰੀਤੀ ਰਿਵਾਜ, ਪਹਿਰਾਵਾ, ਬੋਲੀ, ਇਲਾਕਾ, ਧਰਮ ਗ੍ਰੰਥ, ਸਾਹਿਤ, ਸਭਿਆਚਾਰ ਅਤੇ ਖੇਡਾਂ ਹਿੰਦੂਆਂ ਤੋਂ ਬਿਲਕੁਲ ਵਖਰੇ ਹਨ। ਹਿੰਦੂ ਧਰਮ ਗ਼ੈਰ ਬਰਾਬਰੀ ਰੂਪੀ ਵਰਣ ਵਿਵਸਥਾ ਅਤੇ ਜਾਤੀ ਢਾਂਚੇ 'ਤੇ ਖੜਾ ਮਨੁੱਖਤਾ ਦਾ ਘਾਣ ਕਰ ਰਿਹਾ ਹੈ ਜਦਕਿ ਸਿੱਖ ਧਰਮ ਸਮਾਨਤਾ ਦੀ ਵਿਚਾਰਧਾਰਾ 'ਤੇ ਪਹਿਰਾ ਦਿੰਦਿਆਂ ਮਨੁੱਖਤਾ ਨੂੰ ਬਚਾ ਰਿਹਾ ਹੈ। 

ਦੋਵਾਂ ਆਗੂਆਂ ਨੇ ਕਿਹਾ ਕਿ 21 ਜੂਨ ਨੂੰ ਆਰਐਸਐਸ ਦੀ ਧਾਰਨੀ ਮੋਦੀ ਸਰਕਾਰ ਪੂਰੇ ਦੇਸ਼ ਵਿਚ ਯੋਗਾ ਦਿਵਸ ਮਨਾਉਂਦੀ ਹੈ ਜਿਸ ਦਾ ਮਨੋਰਥ ਸਿੱਖਾਂ ਦੇ ਖ਼ੂਨ ਨੂੰ ਠੰਢਾ ਕਰਨਾ ਹੈ। ਸਿੱਖ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਇਸ ਵਾਰ ਵੀ ਯੋਗਾ ਦਿਵਸ ਨੂੰ ਵਿਸ਼ਵ ਭਰ ਵਿਚ ਗਤਕਾ ਦਿਵਸ ਵਜੋਂ ਮਨਾਉਣਗੇ। ਉਨ੍ਹਾਂ ਕਿਹਾ ਕਿ ਗਤਕਾ ਸਿੱਖਾਂ ਦਾ ਮਾਰਸ਼ਲ ਖੇਡ ਹੈ ਜੋ ਸਰੀਰਕ ਬਲ, ਬਹਾਦਰੀ, ਏਕਤਾ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ ਜਦਕਿ ਯੋਗਾ ਇਸ ਦੇ ਬਿਲਕੁਲ ਉਲਟ ਹੈ।

ਉਨ੍ਹਾਂ ਦੇਸ਼ ਵਿਦੇਸ਼ ਦੀ ਸੰਗਤ ਨੂੰ ਅਪੀਲ ਕੀਤੀ ਕਿ ਜਿਸ ਪ੍ਰਕਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਰ ਸਾਲ ਯੋਗਾ ਦੀ ਥਾਂ ਗਤਕਾ ਦਿਵਸ ਹੀ ਮਨਾਉਂਦਾ ਹੈ, ਉਸੇ ਦੀ ਤਰਜ਼ 'ਤੇ ਉਹ ਵੀ ਹਰ ਥਾਂ ਗਤਕਾ ਦਿਵਸ ਮਨਾਇਆ ਜਾਵੇ। ਉਨ੍ਹਾਂ ਇਹ ਵੀ ਦਸਿਆ ਕਿ 21 ਜੂਨ ਨੂੰ ਜੋ ਸੰਗਤਾਂ ਬਰਗਾੜੀ ਮੋਰਚੇ 'ਤੇ ਪਹੁੰਚ ਰਹੀਆਂ ਹਨ, ਉਹ ਬਰਗਾੜੀ ਦਾਣਾ ਮੰਡੀ ਵਿਖੇ ਹੀ ਗਤਕੇ ਦੇ ਜੌਹਰ ਵੇਖ ਸਕਣਗੀਆਂ। ਜਥੇਦਾਰ ਚੀਮਾ ਨੇ ਦਸਿਆ ਕਿ ਉਨ੍ਹਾਂ ਦੀ ਟੀਮ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਗਊ ਘਾਟ ਸਾਹਿਬ ਵਿਖੇ ਗਤਕਾ ਦਿਵਸ ਮਨਾਏਗੀ।