17 ਸਾਲਾ ਬੱਚੇ ਦੇ ਗਲਤ ਟੀਕਾ ਲਗਾਉਣ ਕਾਰਨ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਿਵਾਰ ਨੇ ਫੈਕਟਰੀ ਅੱਗੇ ਲਾਸ਼ ਨੂੰ ਰੱਖ ਕੇ ਕੀਤਾ ਪ੍ਰਦਰਸ਼ਨ

Death

ਹੁਸ਼ਿਆਰਪੁਰ- ਹੁਸ਼ਿਆਰਪੁਰ 'ਚ ਚਿੰਤਨਪੁਰਨੀ ਰੋਡ 'ਤੇ ਚੋਹਲ ਵਿਚ ਚੱਲ ਰਹੀ ਊਸ਼ਾ ਮਾਰਟਿਨ ਫੈਕਟਰੀ ਦੇ ਹਸਪਤਾਲ ਵਿੱਚ 17 ਸਾਲਾ ਬੱਚੇ ਦੀ ਗਲਤ ਟੀਕਾ ਲਗਾਉਣ ਕਾਰਨ ਮੌਤ ਹੋ ਗਈ। ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵੱਲੋਂ ਫੈਕਟਰੀ ਦੇ ਦਰਵਾਜ਼ੇ ਅੱਗੇ ਲਾਸ਼ ਨੂੰ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਬੀਤੇ ਬੁੱਧਵਾਰ ਇਸ ਫੈਕਟਰੀ ਵਿਚ ਕੰਮ ਕਰਨ ਵਾਲੇ ਮਜਦੂਰ ਦੇ ਬੱਚੇ ਦੇ ਪੇਟ ਵਿਚ ਦਰਦ ਹੋ ਰਿਹਾ ਸੀ ਪਰ ਜਿਸ ਸਮੇਂ ਉਹ ਆਪਣੇ ਬੱਚੇ ਨੂੰ ਫੈਕਟਰੀ ਦੇ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਆਏ ਤਾਂ ਉਸਦੀ ਦੋ ਟੀਕੇ ਲਗਾਉਣ ਤੋਂ ਬਾਅਦ ਹੀ ਮੌਤ ਹੋ ਗਈ।

ਇਸ ਮਾਮਲੇ 'ਚ ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਤੋਂ ਬਾਅਦ ਉਸਦੀ ਲਾਸ਼ ਨੂੰ ਦੇਣ ਲਈ ਡਾਕਟਰਾਂ ਵੱਲੋਂ 2 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਇਸ ਦਾ ਵਿਰੋਧ ਕਰਨ 'ਤੇ  ਮ੍ਰਿਤਕ ਦੇ ਪਰਿਵਾਰ ਨੂੰ ਇੱਕ ਕਮਰੇ ਵਿਚ ਬੰਦ ਕਰ ਦਿੱਤਾ ਗਿਆ ਤੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਗਈ। ਦੱਸ ਦਈਏ ਕਿ ਜਿੱਥੇ ਮ੍ਰਿਤਕ ਦੇ ਪਵਾਰਕ ਮੈਂਬਰਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਉੱਥੇ ਹੀ ਮੌਕੇ ਤੇ ਪੰਹੁਚੇ ਪੁਲਿਸ ਅਧਿਕਾਰੀਆ ਦਾ ਕਹਿਣਾ ਕਿ ਉਹਨਾਂ ਨੇ ਮਿਲੀ ਸੂਚਨਾ ਮੁਤਾਬਿਕ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜੋ ਵੀ ਰਿਪੋਰਟ ਆਵੇਗੀ ਉਸ ਹਿਸਾਬ ਨਾਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਫਿਲਹਾਲ ਮ੍ਰਿਤਕ ਦੇ ਪਰਿਵਾਰ ਵੱਲੋਂ ਮੁਲਜ਼ਮਾ ਪ੍ਰਤੀ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਮ੍ਰਿਤਕ ਨੂੰ ਕਦੋਂ ਇਨਸਾਫ਼ ਮਿਲਦਾ ਹੈ।