ਮਲੋਟ ਰਜਬਾਹੇ ਉਤੇ ਨਦੀਨ ਨਾਸ਼ਕ ਸਪਰੇਅ ਨਾਲ ਖੇਤਾਂ ਵਿਚ ਫ਼ਸਲਾਂ ਸੜੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੀਐਸਪੀ ਗਿੱਦੜਬਾਹਾ ਨੂੰ ਲਿਖਤੀ ਤੌਰ ਉਤੇ ਕੀਤੀ ਸ਼ਿਕਾਇਤ

ਸੜੀਆਂ ਫਸਲਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ। ਸੰਜੂ

ਦੋਦਾ, 20 ਜੂਨ (ਅਸ਼ੋਕ ਯਾਦਵ) : ਗੁਰੂਸਰ ਪਿੰਡ ਕੋਲੋਂ ਲੰਘਦੇ ਮਲੋਟ ਰਜਬਾਹੇ ਵਿਚੋਂ ਟੇਲਾਂ ਵਾਲੇ ਕਿਸਾਨਾਂ ਨੇ ਨਦੀਨ ਸਾੜਨ ਲਈ ਨਦੀਨ ਨਾਸ਼ਕ ਸਪਰੇਅ ਦਾ ਛਿੜਕਾਅ ਕਰ ਦਿਤਾ, ਜਿਸ ਕਾਰਨ ਕਿਸਾਨਾਂ ਦੀਆਂ ਨਾਲ ਲੱਗਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਉੱਥੇ ਹੀ ਕਈ ਰੁੱਖ ਵੀ ਸੜੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰੂਸਰ ਦੇ ਕਿਸਾਨ ਗੁਰਜੀਤ ਸਿੰਘ, ਜਸਵਿੰਦਰ ਸਿੰਘ, ਰਮਨਦੀਪ ਸਿੰਘ ਆਦਿ ਨੇ ਦਸਿਆ ਕਿ ਤਿੰਨ ਦਿਨ ਪਹਿਲਾਂ ਮਲੋਟ ਰਜਬਾਹੇ ਉਤੇ ਨਦੀਨ ਸਾੜਨ ਲਈ ਦੂਜੇ ਪਿੰਡ ਦੇ ਕਿਸਾਨਾਂ ਨੇ ਮਿਲ ਕੇ ਟਰੈਕਟਰ ਨਾਲ ਨਦੀਨ ਨਾਸ਼ਕ ਸਪਰੇਅ ਦਾ ਛਿੜਕਾਅ ਕਰ ਦਿਤਾ।

ਸੜੀਆਂ ਫਸਲਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ। ਸੰਜੂ
  ਉਨ੍ਹਾਂ ਦਸਿਆ ਕਿ ਇਸ ਨਾਲ ਰਜਬਾਹੇ ਤੇ ਨਦੀਨ ਤਾਂ ਘੱਟ ਸੜੇ ਹਨ ਪਰ ਉਨ੍ਹਾਂ ਦੇ ਨਾਲ ਲੱਗਦੀ ਫ਼ਸਲ ਜ਼ਿਆਦਾ ਨੁਕਸਾਨੀ ਗਈ ਹੈ। ਉਨ੍ਹਾਂ ਦਸਿਆ ਕਿ ਲੇਬਰ ਦੀ ਘਾਟ ਦੇ ਚਲਦਿਆਂ ਇਸ ਵਾਰ ਅਸੀ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਪ੍ਰੰਤੂ ਹੁਣ ਲੇਬਰ ਨਾਲ ਫੇਰ ਦੁਬਾਰਾ ਝੋਨੇ ਦੀ ਲਵਾਈ ਕਰਨੀ ਪੈਣੀ ਹੈ ਕਿਉਂਕਿ ਸਪਰੇਅ ਨਾਲ ਝੋਨਾ ਨੁਕਸਾਨਿਆ ਗਿਆ। ਕਿਸਾਨਾਂ ਨੇ ਕਿਹਾ ਕਿ ਝੋਨੇ ਤੋਂ ਇਲਾਵਾ ਮੱਕੀ, ਜਵਾਰ ਅਤੇ ਝੋਨੇ ਦੀ ਪਨੀਰੀ ਤਕ ਵੀ ਨੁਕਸਾਨੀ ਗਈ ਹੈ। ਜੇ ਕਿਸੇ ਕਿਸਾਨ ਨੇ ਕੋਈ ਫੱਲਦਾਰ ਬੂਟੇ ਲਾਏ ਸੀ ਉਹ ਵੀ ਨੁਕਸਾਨੇ ਗਏ ਹਨ।


   ਉਨ੍ਹਾਂ ਦਸਿਆ ਕਿ ਸਪਰੇਅ ਨਾਲ ਸਾਡਾ ਵੱਡੇ ਪੱਧਰ ਉਤੇ ਨੁਕਸਾਨ ਹੋਇਆ ਅਤੇ ਅਸੀ ਇਸ ਸਬੰਧੀ ਡੀਐੱਸਪੀ ਗਿੱਦੜਬਾਹਾ ਨੂੰ ਲਿਖਤੀ ਤੌਰ ਉਤੇ ਸ਼ਿਕਾਇਤ ਦਿਤੀ ਹੈ। ਉਨ੍ਹਾਂ ਨੇ ਸਰਕਾਰ ਤੋਂ ਨੁਕਸਾਨੀ ਗਈ ਫ਼ਸਲ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਅਤੇ ਜਿਨ੍ਹਾਂ ਨੇ ਨੁਕਸਾਨ ਕੀਤਾ ਉਨ੍ਹਾਂ ਤੇ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ। ਉਧਰ ਜਦ ਇਸ ਸਬੰਧੀ ਫ਼ੋਨ ਉਤੇ ਸਬੰਧਤ ਵਿਭਾਗ ਦੇ ਐਸਡੀਓ ਬਲਵਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕੇ ਇਸ ਦੀ ਪੜਤਾਲ ਕਰਵਾਈ ਜਾਵੇਗੀ।