ਮੋਦੀ ਸਰਕਾਰ ਕਿਸਾਨਾਂ ਨਾਲ ਕਰ ਰਹੀ ਸ਼ਰੇਆਮ ਧੱਕਾ: ਬੀ.ਕੇ.ਯੂ. ਰਾਜੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੋਹੇ ਜਾ ਰਹੇ ਅਧਿਕਾਰਾਂ 'ਤੇ ਅਕਾਲੀ ਦਲ ਦੀ ਚੁੱਪ ਤੋਂ ਕਿਸਾਨ ਹੈਰਾਨ: ਪੀਰ ਮੁਹੰਮਦ, ਤਲਵੰਡੀ

1

ਫ਼ਿਰੋਜ਼ਪੁਰ, 20 ਜੂਨ (ਜਗਵੰਤ ਸਿੰਘ ਮੱਲ੍ਹੀ): ਭਾਰਤੀ ਕਿਸਾਨ ਯੁਨੀਅਨ ਰਾਜੇਵਾਲ ਦੀ ਮੀਟਿੰਗ ਜ਼ਿਲ੍ਹਾ ਮੀਤ ਪ੍ਰਧਾਨ ਧਰਮ ਸਿੰਘ ਦੀ ਪ੍ਰਧਾਨਗੀ ਹੇਠ ਮਖ਼ੂ ਵਿਖੇ ਹੋਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਨੰਬਰਦਾਰ ਪ੍ਰਗਟ ਸਿੰਘ ਤਲਵੰਡੀ ਨਿਪਾਲਾਂ ਸਕੱਤਰ ਪੰਜਾਬ ਅਤੇ ਲੱਖਵਿੰਦਰ ਸਿੰਘ ਪੀਰਮੁਹੰਮਦ ਪ੍ਰਧਾਨ ਯੂਥਵਿੰਗ ਨੇ ਬੋਲਦਿਆਂ ਕਿਹਾ ਕੇਂਦਰ ਅਤੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਹਮੇਸ਼ਾਂ ਲਾਲੀਪੋਪ ਤੋਂ ਵੱਧ ਕੁੱਝ ਨਹੀਂ ਦਿਤਾ। ਕਿਸਾਨ ਵਿਰੋਧੀ ਆਰਡੀਨੈਸ ਨਾਲ ਅੰਨਦਾਤੇ ਦੇ ਨਾਲ ਨਾਲ ਆੜ੍ਹਤੀਆਂ ਪੱਲੇਦਾਰਾਂ ਅਤੇ ਖੇਤੀਬਾੜੀ ਨਾਲ ਸਬੰਧਤ ਲੋਕ ਬੇਰੁਜ਼ਗਾਰ ਹੋਣਗੇ। ਉਥੇ ਇਸ ਦਾ ਅਸਰ ਸਮੁੱਚੇ ਬਾਜ਼ਾਰ 'ਤੇ ਵੀ ਉਲਟਾ ਪਏਗਾ।


  ਮੋਦੀ ਸਰਕਾਰ ਨੇ ਝੋਨੇ ਦੇ ਰੇਟ ਵਿਚ ਮਾਮੂਲੀ 53 ਰੁਪਏ ਪ੍ਰਤੀ ਕੁਵਿੰਟਲ ਦਾ ਵਾਧਾ ਕੀਤਾ ਜੋ ਕਿ ਪ੍ਰਤੀ ਏਕੜ 1400 ਰੁਪਏ ਬਣਦਾ ਹੈ। ਜਦ ਕਿ ਝੋਨੇ ਦੀ ਲਵਾਈ ਪ੍ਰਤੀ ਏਕੜ ਦੁੱਗਣੀ ਹੋ ਗਈ ਹੈ । ਡੀਜ਼ਲ ਦੇ ਭਾਅ ਅਸਮਾਨ ਨੂੰ ਛੂ ਰਹੇ ਹਨ। ਪਰ ਸਿਆਸੀ ਪਾਰਟੀਆਂ ਦੀ ਧਾਰੀ ਚੁੱਪ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰਦੀ ਹੈ। ਕਾਂਗਰਸ ਸਰਕਾਰ ਕੇਂਦਰ ਅੱਗੇ ਪਹਿਲਾਂ ਹੀ ਗੋਡੇ ਟੇਕ ਚੁੱਕੀ ਹੈ। ਜਦਕਿ ਪੰਜਾਬ ਸਮੇਤ ਸੂਬਿਆਂ ਲਈ ਵੱਧ ਅਧਿਕਾਰਾਂ ਦੀ ਗੱਲ ਕਰਨ ਵਾਲੀ ਅਤੇ ਅਪਣੇ ਆਪ ਨੂੰ ਕਿਸਾਨ ਹਮਾਇਤੀ ਪਾਰਟੀ ਦਸਦਾ ਅਕਾਲੀ ਦਲ ਪੰਜਾਬ ਦੇ ਇਕ-ਇਕ ਕਰ ਕੇ ਖੋਹੇ ਜਾ ਰਹੇ ਅਧਿਕਾਰਾਂ ਮੌਕੇ ਧਾਰੀ ਚੁੱਪ ਤੋਂ ਲੋਕੀ ਪਰੇਸ਼ਾਨ ਹਨ।
   ਜਥੇਬੰਦਕ ਆਗੂਆਂ ਨੇ ਆਖਿਆ ਕਿ ਅਕਾਲੀ ਦਲ ਨੂੰ ਕੇਦਰ ਦੀ ਭਾਈਵਾਲ ਪਾਰਟੀ ਭਾਜਪਾ ਨਾਲੋਂ ਅਪਣੇ ਸਬੰਧ ਲੋਕ ਹਿੱਤ 'ਚ ਤੋੜ ਲੈਣੇ ਬੇਹਤਰ ਰਹਿਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਲਈ ਇਹ ਪਰਖ ਦੀ ਘੜੀ ਹੈ ਕਿ ਉਹ ਪੰਜਾਬ ਦੇ ਹਿਤਾਂ ਜੁੜਿਆ ਜਾਂ ਕੇਂਦਰ ਨਾਲ, ਕਿਉਂਕਿ ਐਮ.ਐਸ.ਪੀ. ਬੰਦ ਕਰਨ ਦੇ ਜੋ ਸੰਕੇਤ ਕੇਂਦਰ ਨੇ ਦਿਤੇ ਸਨ। ਉਸ ਬਾਬਤ ਹੁਣ ਸਾਫ਼ ਹੋ ਗਿਆ ਹੈ ਕਿ ਕਾਹਲੀ 'ਚ ਕਿਸਾਨ ਮਾਰੂ ਲਿਆਂਦਾ ਗਿਆ ਆਰਡੀਨੈਂਸ ਭਾਜਪਾ ਦੇ ਦੁੱਗਣੀ ਆਮਦਨ ਵਰਗੇ ਲਾਰਿਆਂ ਦੌਰਾਨ ਖੇਤੀ ਧੰਦੇ ਨੂੰ ਬਰਬਾਦ ਕਰ ਕੇ ਰੱਖ ਦੇਵੇਗਾ।


   ਉਨ੍ਹਾਂ ਵੰਗਾਰ ਦਿਤੀ ਕਿ ਰਾਜਨੀਤਕ ਪਾਰਟੀਆਂ ਦੀ ਆਸ ਛੱਡ ਕੇ ਕਿਸਾਨ ਵੱਡੇ ਸੰਘਰੰਸ ਲਈ ਤਿਆਰ ਰਹਿਣ। ਇਸ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ 20 ਜੁਲਾਈ ਨੂੰ ਮੁਢਲਾ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ । ਜਿਸ ਵਿਚ ਦੇਸ਼ ਦੀ ਸਵਾ ਅਰਬ ਤੋਂ ਵੱਧ ਅਬਾਦੀ ਦਾ ਢਿੱਡ ਭਰਨ ਵਾਲੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਸ ਦਿਨ ਆਪੋ ਅਪਣੇ ਟਰੈਕਟਰ ਸੜਕਾਂ 'ਤੇ ਲਿਆਂਦੇ ਜਾਣਗੇ ਤਾਂ ਜੋ ਕੇਦਰ ਦੀ ਗੂੰਗੀ ਅਤੇ ਬੋਲੀ ਸਰਕਾਰ ਕੁੰਭਕਰਨੀ ਨੀਂਦ ਵਿਚੋਂ ਬਾਹਰ ਆਵੇ । ਇਸ ਸਮੇਂ ਮਾਸਟਰ ਅਮਰ ਸਿੰਘ ਜਰਨਲ ਸਕੱਤਰ, ਅੰਗਰੇਜ਼ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ, ਗੁਰਚਰਨ ਸਿੰਘ, ਕਾਰਜ ਸਿੰਘ, ਬੁੱਧ ਸਿੰਘ ਸਕੱਤਰ ਅਤੇ ਦਰਸ਼ਨ ਸਿੰਘ ਆਦਿ ਵੀ ਹਾਜ਼ਰ ਸਨ।