ਨਿਜੀ ਹਸਪਤਾਲਾਂ ਵਿਚ ਕੋਵਿਡ-19 ਦੇ ਇਲਾਜ ਲਈ ਰੇਟ ਹੋਣਗੇ ਤੈਅ : ਸੋਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਿਜੀ ਹਸਪਤਾਲਾਂ ਵਿਚ ਕੋਵਿਡ-19 ਦੇ ਇਲਾਜ ਲਈ ਰੇਟ ਹੋਣਗੇ ਤੈਅ : ਸੋਨੀ

1

ਅੰਮ੍ਰਿਤਸਰ, 20 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) : ਡਾਕਟਰੀ ਸਿਖਿਆ ਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕੋਵਿਡ-19 ਦੇ ਮਰੀਜ਼ਾਂ ਦੇ ਸਹੂਲਤ ਲਈ ਨਿਜੀ ਹਸਪਤਾਲਾਂ ਦੇ ਰੇਟ ਤੈਅ ਕਰਨ ਜਾ ਰਹੀ ਹੈ, ਤਾਕਿ ਕੋਈ ਵੀ ਹਸਪਤਾਲ ਮੌਕੇ ਦਾ ਨਾਜਾਇਜ਼ ਫ਼ਾਇਦਾ ਨਾ ਲੈ ਸਕੇ। ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਕੋਵਿਡ-19 ਦੇ ਇਲਾਜ ਲਈ ਸਾਰੀਆਂ ਦਵਾਈਆਂ, ਸਹੂਲਤਾਂ ਅਤੇ ਸਟਾਫ਼ ਆਦਿ ਮੌਜੂਦ ਹਨ, ਪਰ ਫਿਰ ਵੀ ਜੇਕਰ ਕੋਈ ਨਿਜੀ ਹਸਪਤਾਲ ਵਿਚ ਅਪਣਾ ਇਲਾਜ ਕਰਵਾਉਣਾ ਚਾਹੁੰਦਾ ਹੋਵੇ ਤਾਂ ਸਰਕਾਰ ਉਸ 'ਤੇ ਆਉਣ ਵਾਲੇ ਖਰਚੇ ਨੂੰ ਧਿਆਨ ਵਿਚ ਰੱਖ ਕੇ ਨਿੱਜੀ ਹਸਪਤਾਲਾਂ ਦੇ ਰੇਟ ਤੈਅ ਕਰਨ ਜਾ ਰਹੀ ਹੈ।


ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਵਿਰੁਧ ਲਾਮਬੰਦੀ ਅਤੇ ਮਿਸ਼ਨ ਫ਼ਤਿਹ ਦੀ ਕੀਤੀ ਸ਼ੁਰੂਆਤ ਦੀ ਸਿਫ਼ਤ ਕਰਦੇ ਸ੍ਰੀ ਸੋਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵੀ ਹਾਲ ਹੀ ਵਿਚ ਕੀਤੀ ਮੀਟਿੰਗ ਵਿਚ ਪੰਜਾਬ ਵਲੋਂ ਕੀਤੀ ਯੋਜਨਾਬੰਦੀ ਤੇ ਪ੍ਰਬੰਧਾਂ ਦੀ ਸਿਫ਼ਤ ਕਰਦੇ ਦੂਸਰੇ ਰਾਜਾਂ ਨੂੰ ਪੰਜਾਬ ਤੋਂ ਸੇਧ ਲੈਣ ਦੀ ਹਦਾਇਤ ਕੀਤੀ ਹੈ। ਇਸ ਵੇਲੇ ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਿਚ ਰੋਜ਼ਨਾ ਤਿੰਨ-ਤਿੰਨ ਹਜ਼ਾਰ ਕੋਵਿਡ ਟੈਸਟ ਕਰਨ ਵਾਲੀਆਂ ਮਸ਼ੀਨਾਂ ਕੰਮ ਕਰ ਰਹੀਆਂ ਹਨ, ਜਿੰਨਾ ਸਦਕਾ ਕਰੀਬ 2 ਲੱਖ ਟੈਸਟ ਕੀਤਾ ਜਾ ਚੁੱਕਾ ਹੈ ਅਤੇ ਆਉਣ ਵਾਲੇ 15 ਦਿਨਾਂ ਦੇ ਵਿਚ ਜਲੰਧਰ, ਲੁਧਿਆਣਾ ਤੇ ਮੁਹਾਲੀ ਵਿਚ ਇਕ-ਇਕ ਹਜ਼ਾਰ ਰੋਜ਼ਨਾ ਟੈਸਟ ਕਰਨ ਵਾਲੀਆਂ ਚਾਰ ਨਵੀਆਂ ਲੈਬਾਰਟਰੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ।