ਵਿਧਾਇਕਾਂ ਦੇ ਪੁੱਤਾਂ ਨੂੰ ਨੌਕਰੀ ਦੇਣ ਨਾਲ ਕਾਂਗਰਸੀ ਭਾਈ-ਭਤੀਜਾਵਾਦ ਸਾਹਮਣੇ ਆਇਆ - ਜਸਵੀਰ ਗੜ੍ਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਰ ਘਰ ਨੌਕਰੀ ਦੇਣ ਦੇ ਖੋਖਲੇ ਕਾਂਗਰਸੀ ਵਾਅਦੇ ਨਾਲ ਲੱਖਾਂ ਬੇਰੁਜਗਾਰਾ ਨਾਲ ਧੋਖਾ ਵੀ ਆਇਆ ਸਾਹਮਣੇ

Jasvir Garhi

ਚੰਡੀਗੜ੍ਹ - ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਾਂਗਰਸ ਨੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਨਾਲ ਜਿੱਥੇ ਕਾਂਗਰਸੀ ਭਾਈ ਭਤੀਜਾਵਾਦ ਸਾਹਮਣੇ ਆਇਆ ਹੈ ਓਥੇ ਹੀ ਘਰ ਘਰ ਨੌਕਰੀ ਦੇਣ ਦੇ ਖੋਖਲੇ ਕਾਂਗਰਸੀ ਵਾਅਦੇ ਨਾਲ ਲੱਖਾਂ ਬੇਰੁਜਗਾਰਾ ਨਾਲ ਧੋਖਾ ਵੀ ਸਾਹਮਣੇ ਆਇਆ। ਤਾਜ਼ਾ ਘਟਨਾਕ੍ਰਮ ਵਿੱਚ ਲੁਧਿਆਣਾ ਉੱਤਰੀ ਵਿਧਾਨ ਸਭਾ ਦੇ ਛੇ ਵਾਰੀ ਦੇ ਵਿਧਾਇਕ ਰਾਕੇਸ ਪਾਂਡੇ ਦੇ ਪੁੱਤਰ ਭੀਸ਼ਮ ਪਾਂਡੇ ਨੂੰ ਨਾਇਬ-ਤਹਿਸੀਲਦਾਰ ਦੀ ਨੌਕਰੀ ਦੇਣਾ ਹੈ ਜਿਸਦੇ ਪਿੱਛੇ ਕਾਰਨ 34 ਸਾਲ ਪਹਿਲਾਂ 1987 ਚ ਉਸ ਦੇ ਦਾਦਾ ਸ਼੍ਰੀ ਜੋਗਿੰਦਰਪਾਲ ਪਾਂਡੇ ਦੀ ਗੋਲੀ ਲੱਗਣ ਨਾਲ ਹੋਈ ਮੌਤ ਹੈ।

ਜਦੋਂਕਿ ਦੂਜੀ ਨੌਕਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਪੁੱਤਰ ਅਰਜਨ ਪ੍ਰਤਾਪ ਸਿੰਘ ਬਾਜਵਾ ਨੂੰ ਇੰਸਪੈਕਟਰ ਦੀ ਨੌਕਰੀ ਦੇਣ ਦਾ ਮਾਮਲਾ ਹੈ ਜੋ ਕਿ ਭਾਈ-ਭਤੀਜਾਵਾਦ ਦਾ ਮੁਜ਼ਾਹਰਾ ਹੈ। ਸ. ਗੜ੍ਹੀ ਨੇ ਕਿਹਾ ਕਿ ਇਸ ਤੋਂ ਪਹਿਲਾ ਕਾਂਗਰਸ ਸਰਕਾਰ ਨੇ 2017 ਵਿੱਚ ਮਰਹੂਮ ਮੁੱਖ ਮੰਤਰੀ ਸ. ਬੇਅੰਤ ਸਿੰਘ ਦੇ ਪੋਤਰੇ ਅਤੇ ਮੋਜੂਦਾ ਵਿਵਾਦਮਈ ਸਾਂਸਦ ਰਵਨੀਤ ਸਿੰਘ ਬਿੱਟੂ ਦੇ ਸਕੇ ਭਰਾ ਗੁਰਇਕਬਾਲ ਸਿੰਘ ਨੂੰ ਡੀਐੱਸਪੀ ਦੀ ਨੌਕਰੀ ਦਿੱਤੀ ਸੀ।

ਸ ਗੜ੍ਹੀ ਨੇ ਕਿਹਾ ਕਿ ਕਾਂਗਰਸ ਨੇ ਘਰ ਘਰ ਨੌਕਰੀ ਕਾਂਗਰਸੀ ਪਰਿਵਾਰਾਂ ਨੂੰ ਹੀ ਦਿੱਤੀ ਹੈ ਜਦੋਂ ਕਿ ਲੱਖਾਂ ਬੇਰੁਜ਼ਗਾਰ ਪੰਜਾਬੀ ਨੋਜ਼ਵਾਨ ਟੈਂਕੀਆਂ, ਪੁੱਲਾਂ ਤੇ ਬਿਲਡਿੰਗਾ ਉੱਤੇ ਚੜੇ ਹੋਏ ਪੰਜਾਬ ਪੁਲਿਸ ਤੋਂ ਕੁੱਟ ਖਾਕੇ ਬੇਪਤ ਹੋ ਰਹੇ ਹਨ। ਬਸਪਾ ਦੇ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਸਾਡਾ ਗਠਜੋੜ 2022 ਵਿੱਚ ਸੱਤਾ ਪ੍ਰਾਪਤੀ ਲਈ ਜੇਤੂ ਲੜਾਈ ਲੜੇਗਾ ਅਤੇ ਲੱਖਾਂ ਬੇਰੁਜ਼ਗਾਰਾ ਨੂੰ ਨੌਕਰੀ ਦੇਣ ਦਾ ਕੰਮ ਕਰੇਗਾ ਅਤੇ ਨਾਲ ਹੀ ਅਜਿਹੀਆ ਕਾਂਗਰਸੀ ਪਰਿਵਾਰਾਂ ਨੂੰ ਦਿੱਤੀਆਂ ਨੌਕਰੀਆਂ ਰੱਦ ਕੀਤੀਆਂ ਜਾਣਗੀਆਂ।