ਕੈਪਟਨ ਤੇ ਸਿੱਧੂ ਸਣੇ ਪੰਜਾਬ ਦੇ ਪ੍ਰਮੁੱਖ ਕਾਂਗਰਸੀ ਆਗੂਆਂ ਨਾਲ ਸੋਨੀਆ ਗਾਂਧੀ ਦੀ ਮੀਟਿੰਗ 22 ਨੂੰ
ਫਿਲਹਾਲ 20 ਦੀ ਮੀਟਿੰਗ ਟਲੀ, ਕੈਪਟਨ ਤੇ ਸਿੱਧੂ ’ਚ ਸੁਲਾਹ ਕਰਵਾਉਣ ਦੀਆਂ ਕੋਸ਼ਿਸ਼ਾਂ ਜਾਰੀ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪੰਜਾਬ ਦੀ ਹਾਕਮ ਪਾਰਟੀ ’ਚ ਕੋਟਕਪੂਰਾ ਗੋਲੀਕਾਂਡ ਬਾਰੇ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਸ਼ੁਰੂ ਹੋਏ ਅੰਦਰੂਨੀ ਟਕਰਾਅ ਕਾਰਨ ਪੈਦਾ ਸੰਕਟ ਦੇ ਹੱਲ ਲਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ (Sonia Gandhi) ਵਲੋਂ ਗਠਿਤ 3 ਮੈਂਬਰੀ ਖੜਗੇ ਕਮੇਟੀ ਦੀ ਰੀਪੋਰਟ ਦੀਆਂ ਸਿਫ਼ਾਰਸ਼ਿਾਂ ’ਤੇ ਆਧਾਰਤ ਹੋਣ ਵਾਲੇ ਫ਼ੈਸਲੇ ’ਤੇ ਸੱਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਹੋਣ ਵਾਲੇ ਅੰਤਿਮ ਫ਼ੈਸਲੇ ਤਹਿਤ ਪਾਰਟੀ ਸੰਗਠਨ ਤੇ ਕੈਬਨਿਟ ਵਿਚ ਫੇਰ ਬਦਲ ਦੇ ਚਰਚਿਆਂ ਕਾਰਨ ਕਈਆਂ ਨੂੰ ਅਪਣੇ ਭਵਿੱਖ ਦੀ ਚਿੰਤਾ ਪਈ ਹੋਈ ਹੈ ਅਤੇ ਕਈਆਂ ਨੂੰ ਅਹੁਦੇ ਤੇ ਵਜ਼ੀਰੀਆਂ ਮਿਲਣ ਦੀ ਉਡੀਕ ਹੈ। ਤਾਜ਼ਾ ਖ਼ਬਰ ਇਹ ਹੈ ਕਿ 20 ਜੂਨ ਨੂੰ ਸੋਨੀਆ ਗਾਂਧੀ ਵਲੋਂ ਕੈਪਟਨ ਅਮਰਿੰਦਰ ਸਿੰਘ (Captain Amarinder Singh) ਤੇ ਨਵਜੋਤ ਸਿੰਘ ਸਿੱਧੂ ਸਮੇਤ ਪੰਜਾਬ ਕਾਂਗਰਸ ਦੇ ਪ੍ਰਮੁੱਖ ਆਗੂਆਂ ਨੂੰ ਮਿਲਣ ਦਾ ਪ੍ਰਸਤਾਵਿਤ ਪ੍ਰੋਗਰਾਮ ਫ਼ਿਲਹਾਲ ਟਲ ਗਿਆ ਹੈ ਅਤੇ ਹੁਣ ਇਹ ਮੀਟਿੰਗ 22 ਜੂਨ ਨੂੰ ਰੱਖੀ ਗਈ ਹੈ।
ਪਹਿਲਾਂ ਮੰਨਿਆ ਜਾ ਰਿਹਾ ਸੀ ਕਿ 20 ਦੀ ਮੀਟਿੰਗ ਬਾਅਦ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਫ਼ੈਸਲਾ ਸੁਣਾ ਦੇਣਗੇ ਪਰ ਹੁਣ ਲਗਦਾ ਹੈ ਕਿ ਮਾਮਲਾ ਕੁੱਝ ਦਿਨ ਹੋਰ ਲਟਕ ਸਕਦਾਹੈ। ਕਾਂਗਰਸ ਪਾਰਟੀ ਦੇ ਸੂਤਰਾਂ ਮੁਤਾਬਕ ਇਸ ਦਾ ਮੁੱਖ ਕਾਰਨ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ (Navjot Sidhu) ਵਲੋਂ ਅਪਣਾਇਆ ਸਖ਼ਤ ਰੁਖ ਹੈ। ਦੋਵੇਂ ਹੀ ਆਪੋ ਅਪਣੇ ਸਟੈਂਡ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ।
ਇਸ ਕਰ ਕੇ ਸੋਨੀਆ ਗਾਂਧੀ ਲਈ ਵੀ ਅੰਤਿਮ ਫ਼ੈਸਲਾ ਲੈਣਾ ਆਸਾਨ ਕੰਮ ਨਹੀਂ ਰਿਹਾ। ਕੋਸ਼ਿਸ਼ਾਂ ਇਹੀ ਹੋ ਰਹੀਆਂ ਹਨ ਕਿ ਕਿਸੇ ਤਰ੍ਹਾਂ ਕੈਪਟਨ ਤੇ ਸਿੱਧੂ ’ਚ ਸੁਲਾਹ ਕਰਵਾ ਕੇ ਦੂਰੀਆਂ ਖ਼ਤਮ ਕੀਤੀਆਂ ਜਾਣ। ਮਾਮਲਾ ਲਟਕਣ ਕਾਰਨ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਤਰੀਆਂ, ਵਿਧਾਇਕਾਂ ਤੇ ਹੋਰ ਪ੍ਰਮੁੱਖ ਆਗੂਆਂ ਨਾਲ ਵਿਕਾਸ ਕੰਮਾਂ ਤੇ ਚੋਣਾਂ ਦੀ ਤਿਆਰੀ ਦੇ ਨਾਂ ’ਤੇ ਲਗਾਤਾਰ ਗਰੁੱਪ ਮੀਟਿੰਗਾਂ ਕਰ ਕੇ ਗੁੱਸੇ-ਗਿੱਲੇ ਦੂਰ ਕਾਰਨ ਅਤੇ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਲਾਮਬੰਦੀ ਕਰ ਰਹੇ ਹਨ।
ਕਈ ਨਾਰਾਜ਼ ਵਿਧਾਇਕਾਂ ਨੂੰ ਕੈਪਟਨ ਨੂੰ ਮਨਾਉਣ ’ਚ ਸਫ਼ਲ ਵੀ ਹੋਏ ਹਨ ਤੇ ਅਪਣੇ ਸਮਰਥਨ ’ਚ ਖੜਾ ਕਰ ਲਿਆ ਹੈ। ਇਨ੍ਹਾਂ ਵਿਚ ਮਾਝੇ ਤੇ ਮਾਲਵੇ ਨਾਲ ਸਬੰਧਤ ਕਈ ਵਿਧਾਇਕ ਸ਼ਾਮਲ ਹਨ। ਕੈਪਟਨ ਅਪਣੇ ਸਟੈਂਡ ’ਤੇ ਅੜੇ ਹਨ ਤੇ ਉਹ ਨਵਜੋਤ ਸਿੱਧੂ ਨੂੰ ਪ੍ਰਧਾਨ ਵਜੋਂ ਕਿਸੇ ਵੀ ਹਾਲਤ ਵਿਚ ਪ੍ਰਵਾਨ ਨਹੀਂ ਕਰਨਗੇ ਅਤੇ ਨਾ ਹੀ ਪੁਰਾਣਾ ਮਹਿਕਮਾ ਦੇ ਕੇ ਉਪ ਮੁੱਖ ਮੰਤਰੀ ਬਣਾਉਣਗੇ। ਦੂਜੇ ਪਾਸੇ ਨਵਜੋਤ ਸਿੱਧੂ ਹੁਣ ਉਪ ਮੁੱਖ ਮੰਤਰੀ ਬਣ ਕੇ ਕੈਪਟਨ ਅਧੀਨ ਕੰਮ ਕਰਨ ਲਈ ਸਹਿਮਤ ਨਹੀਂ ਹੋ ਰਹੇ। ਉਹ ਘੱਟੋ ਘੱਟ ਪ੍ਰਧਾਨ ਦਾ ਅਹੁਦਾ ਚਹਾੁੰਦੇ ਹਨ।
ਜੇ ਕੈਪਟਨ ਤੇ ਸਿੱਧੂ ’ਚ ਸੁਲਾਹ ਨਾ ਹੋਈ ਤੇ ਹਾਈਕਾਮਨ ਕੋਈ ਅੰਤਿਮ ਫ਼ੈਸਲਾ ਅਪਣੀ ਮਰਜ਼ੀ ਨਾਲ ਹੀ ਸੁਣਾ ਦਿੰਦਾ ਹੈ ਤਾਂ ਸੰਕਟ ਆਉਣ ਵਾਲੇ ਦਿਨਾਂ ਵਿਚ ਵਧ ਵੀ ਸਕਦਾ ਹੈ। ਭਾਵੇਂ ਇਸ ਸਮੇਂ ਸਾਰੇ ਹੀ ਆਗੂ, ਮੰਤਰੀ, ਵਿਧਾਇਕ ਤੇ ਸੰਸਦ ਮੈਂਬਰ ਹਾਈਕਮਾਨ ਦੀਆਂ ਹਦਾਇਤਾਂ ਕਾਰਨ ਫ਼ੈਸਲਾ ਹੋਣ ਤਕ ਕਿਸੇ ਵਿਰੁਧ ਬਿਆਨਬਾਜ਼ੀ ਨਹੀਂ ਕਰ ਰਹੇ ਅਤੇ ਨਵਜੋਤ ਸਿੱਧੂ ਵੀ ਚੁੱਪ ਹਨ ਪਰ ਇਸ ਦੇ ਬਾਵਜੂਦ ਅੰਦਰਖ਼ਾਤੇ ਕੈਪਟਨ ਸਮਰਥਕਾਂ ਤੇ ਬਾਗ਼ੀ ਧੜੇ ਦੀਆਂ ਸਰਗਰਮੀਆਂ ਜਾਰੀ ਹਨ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਬਾਗੀ ਸੁਰ ਵਾਲੇ ਨੇਤਾਵਾਂ ਦੀ ਹਿਕ ਗੁਪਤ ਮੀਟਿੰਗ ਬੀਤੇ ਦਿਨੀਂ ਵਿਧਾਇਕ ਕੁਲਬੀਰ ਜ਼ੀਰਾ ਦੀ ਰਿਹਾਇਸ਼ ’ਤੇ ਹੋਈ। ਇਸ ’ਚ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਚੰਨੀ ਵੀ ਸ਼ਾਮਲ ਦਸੇ ਜਾਂਦੇ ਹਨ।