ਦੋ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇ ਮੁੱਦੇ 'ਤੇ ਸਿਆਸੀ ਮੈਦਾਨ ਭਖਿਆ

ਏਜੰਸੀ

ਖ਼ਬਰਾਂ, ਪੰਜਾਬ

ਦੋ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇ ਮੁੱਦੇ 'ਤੇ ਸਿਆਸੀ ਮੈਦਾਨ ਭਖਿਆ

image

ਕੈਪਟਨ ਅਮਰਿੰਦਰ ਸਿੰਘ ਨੇ ਫ਼ੈਸਲੇ ਨੂੰ ਸਹੀ ਠਹਿਰਾਇਆ


ਚੰਡੀਗੜ੍ਹ, 19 ਜੂਨ (ਗੁਰਉਪਦੇਸ਼ ਭੁੱਲਰ) : ਬੀਤੇ ਦਿਨੀਂ ਪੰਜਾਬ ਕੈਬਨਿਟ ਵਿਚ ਦੋ ਕਾਂਗਰਸੀ ਵਿਧਾਇਕਾਂ ਫ਼ਤਿਹ ਜੰਗ ਬਾਜਵਾ ਅਤੇ ਰਾਕੇਸ਼ ਪਾਂਡੇ ਦੇ ਪੁੱਤਰਾਂ ਨੂੰ ਤਰਸ ਦੇ ਆਧਾਰ 'ਤੇ ਵਿਸ਼ੇਸ਼ ਮੌਕੇ ਤਹਿਤ ਨੌਕਰੀਆਂ ਦੇਣ ਦੇ ਵਿਵਾਦ 'ਤੇ ਵੀ ਸਿਆਸਤ ਹੁਣ ਭਖ ਗਈ ਹੈ | ਵਿਰੋਧੀ ਪਾਰਟੀਆਂ ਜੋ ਵੈਕਸੀਨ ਤੇ ਪੋਸਟ ਮੈਟਰਿਕ ਸ਼ਕਾਲਰਸ਼ਿਪ ਦੇ ਮੁੱਦਿਆਂ ਨੂੰ ਲੈ ਕੇ ਪਹਿਲਾਂ ਹੀ ਸੜਕਾਂ 'ਤੇ ਸਨ, ਨੂੰ ਕੈਪਟਨ ਸਰਕਾਰ ਵਿਰੁਧ ਇਕ ਹੋਰ ਵੱਡਾ ਮੁੱਦਾ ਮਿਲ ਗਿਆ ਹੈ | ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਥੇ ਅੱਜ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ, ਉਥੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂਆਂ ਨੇ ਅੱਜ ਪ੍ਰੈਸ ਕਾਨਫ਼ਰੰਸ ਕਰ ਕੇ ਇਸ ਫ਼ੈਸਲੇ ਨੂੰ ਗ਼ੈਰ ਸੰਵਿਧਾਨਕ ਅਤੇ ਬੇਰੁਜ਼ਗਾਰ ਨੌਜਵਾਨਾਂ ਨਾਲ ਧੋਖਾ ਦਸਦਿਆਂ ਰਾਜਪਾਲ ਤੋਂ ਸਰਕਾਰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ | ਜ਼ਿਕਰਯੋਗ ਹੈ ਕਿ ਸਿਰਫ਼ ਵਿਰੋਧੀਆਂ ਨੇ ਹੀ ਇਹ ਮੁੱਦਾ ਨਹੀਂ ਚੁਕਿਆ ਬਲਕਿ ਕਾਂਗਰਸ ਪਾਰਟੀ ਅੰਦਰੋਂ ਵੀ ਇਸ ਵਿਰੁਧ ਆਵਾਜ਼ਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ | ਸੂਤਰਾਂ ਦੀ ਮੰਨੀਏ ਤਾਂ ਕੁੱਝ ਮੰਤਰੀਆਂ ਨੇ ਵੀ ਬੀਤੇ ਦਿਨ ਮੀਟਿੰਗ ਵਿਚ ਇਸ ਫ਼ੈਸਲਾ ਦਾ ਵਿਰੋਧ ਕੀਤਾ ਸੀ |
ਕਾਂਗਰਸ ਪਾਰਟੀ ਅੰਦਰੋਂ ਵੀ ਉਠਣ ਲਗੀਆਂ ਆਵਾਜ਼ਾਂ ; ਕਾਂਗਰਸ ਦੇ ਵਿਧਾਇਕ ਪੁੱਤਰਾਂ ਨੂੰ ਨੌਕਰੀਆਂ ਦੇ ਫ਼ੈਸਲੇ ਤੇ ਵਿਰੋਧੀਆਂ ਨੇ ਤਾਂ ਸਵਾਲ ਚੁੱਕਣੇ ਹੀ ਸਨ ਪਰ ਹੁਣ ਪਾਰਟੀ ਅੰਦਰੋਂ ਵੀ ਆਵਾਜ਼ਾਂ ਉਠਣ ਲੱਗੀਆਂ ਹਨ | ਕਾਂਗਰਸ ਦੇ ਵਿਧਾਇਕ ਕੁਲਜੀਤ ਨਾਗਰਾ ਨੇ ਵੀ ਫੇਸ ਬੁੱਕ ਪੋਸਟ 'ਤੇ ਲਾਈਵ ਹੋ ਕੇ ਇਸ ਫ਼ੈਸਲੇ ਨੂੰ ਗਲਤ ਦਸਿਆ ਹੈ | ਉਨ੍ਹਾਂ ਕਿਹਾ ਕਿ ਜਿਥੇ ਸਫ਼ਾਈ ਸੇਵਾਕਾਂ ਨੂੰ ਰੈਗੂਲਰ ਕਰ ਕੇ ਸਰਕਾਰ ਨੇ ਬਹੁਤ ਵਧੀਆ ਫ਼ੈਸਲਾ ਕੀਤਾ, ਉਥੇ ਦੂਜੇ ਪਾਸੇ ਅਪਣੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇ ਕੇ ਗਲਤ ਫ਼ੈਸਲਾ ਕਰ ਲਿਆ | ਇਸ ਬਾਰੇ ਆਮ ਲੋਕ ਵੀ ਸੁਆਲ ਪੁੱਛ ਰਹੇ ਹਨ | ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿਲੋਂ ਨੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਸਾਡੇ ਵਿਧਾਇਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਅਜਿਹੀ ਮੰਗ ਮੁੱਖ ਮੰਤਰੀ ਕੋਲ ਕਿਉਂ ਲੈ ਕੇ ਗਏ | ਉਨ੍ਹਾਂ ਕਿਹਾ ਕਿ ਮੈਂ ਪੂਰੀ ਤਰ੍ਹਾਂ ਬੇਰੁਜ਼ਗਾਰ ਨੌਜਵਾਨਾਂ ਦੇ ਹੱਕ 'ਚ ਖੜਾ ਹਾਂ ਤੇ ਉਨ੍ਹਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਹਨ |