ਫਿਲੌਰ : ਨੈਸ਼ਨਲ ਹਾਈਵੇ 'ਤੇ ਫਿਲੌਰ ਨੇੜੇ ਵਾਪਰੇ ਸੜਕ ਹਾਦਸੇ 'ਚ 7 ਸਾਲਾ ਬੱਚੇ ਦੀ ਮੌਤ ਹੋ ਗਈ, ਜਦਕਿ ਉਸ ਦਾ ਪਿਤਾ ਅਤੇ ਪੰਜ ਸਾਲਾ ਛੋਟਾ ਭਰਾ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀ ਪਿਓ-ਪੁੱਤ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦਾ ਰਹਿਣ ਵਾਲਾ ਮਨਜੀਤ ਸਿੰਘ ਆਪਣੇ ਦੋ ਲੜਕਿਆਂ ਸੱਤ ਸਾਲਾ ਏਕਮ ਅਤੇ ਪੰਜ ਸਾਲਾ ਪੁੱਤਰ ਸਮੇਤ ਇੱਕ ਬੋਲੈਰੋ (ਪੀਬੀ 02 ਬੀਕੇ 3174) ਗੱਡੀ ਵਿੱਚ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਪਟਿਆਲਾ ਜਾਣ ਲਈ ਨਿਕਲਿਆ ਸੀ। ਜਿਵੇਂ ਹੀ ਉਸ ਦੀ ਬੋਲੈਰੋ ਫਿਲੌਰ ਤੋਂ ਅੱਗੇ ਪਹੁੰਚੀ ਤਾਂ ਛੋਟੀ ਸੜਕ ਤੋਂ ਸੀਮਿੰਟ ਨਾਲ ਭਰਿਆ ਟਰੱਕ ਚਾਲਕ ਬਿਨਾਂ ਦੇਖਿਆਂ ਹੀ ਸੜਕ ਦੇ ਵਿਚਕਾਰ ਲੈ ਆਇਆ।
ਇਸ ਕਾਰਨ ਬੋਲੈਰੋ ਸਿੱਧੀ ਆ ਕੇ ਉਸ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੋਲੈਰੋ ਦੇ ਪਰਖੱਚੇ ਉੱਡ ਗਏ ਅਤੇ ਸੀਟ ਕਾਰ 'ਚੋਂ ਬਾਹਰ ਆ ਕੇ ਡਿੱਗ ਗਈ। ਹਾਦਸੇ 'ਚ 7 ਸਾਲਾ ਏਕਮ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ 5 ਸਾਲਾ ਛੋਟਾ ਭਰਾ ਅਤੇ ਪਿਤਾ ਮਨਜੀਤ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਮੌਕੇ ’ਤੇ ਪੁੱਜੇ ਏਐਸਆਈ ਵਿਜੇ ਕੁਮਾਰ ਨੇ ਦੱਸਿਆ ਕਿ ਟਰਾਲੀ ਚਾਲਕ ਦੀ ਲਾਪ੍ਰਵਾਹੀ ਕਾਰਨ ਇਹ ਹਾਦਸਾ ਵਾਪਰਿਆ, ਜੋ ਮੌਕੇ ਤੋਂ ਫ਼ਰਾਰ ਹੋ ਗਿਆ। ਫਿਲਹਾਲ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।