ਗੁਰਬਾਣੀ ਪ੍ਰਸਾਰਣ ਨੂੰ ਲੈ ਅਕਾਲੀ ਦਲ ਦੇ ਆਗੂ ਵੀ ਸਹਿਮਤ, ਗੁਰਬਾਣੀ 'ਤੇ ਨਹੀਂ ਕਿਸੇ ਦਾ ਨਿੱਜੀ ਅਧਿਕਾਰ: ਇੰਦਰਬੀਰ ਸਿੰਘ ਨਿੱਝਰ
ਕਿਹਾ, ਐਸ.ਜੀ.ਪੀ.ਸੀ. ਨੂੰ ਉਹੀ ਕੰਮ ਕਰਨੇ ਚਾਹੀਦੇ ਹਨ, ਜੋ ਸਿੱਖਾਂ ਦੇ ਹਿੱਤ ਵਿਚ ਹੋਣ
ਮੁਹਾਲੀ (ਰਮਨਦੀਪ ਕੌਰ ਸੈਣੀ/ਸੁਰਖਾਬ ਚੰਨ) ਪੰਜਾਬ ਵਿਧਾਨ ਸਭਾ ਦੀ ਦੂਜੇ ਦਿਨ ਦੀ ਕਾਰਵਾਈ ਤੋਂ ਬਾਅਦ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਸਦਨ ਵਿਚ ਇਕ ਬਿੱਲ ਯੂਨੀਵਰਸਿਟੀ ਦੇ ਚਾਂਸਲਰ ਸਬੰਧੀ ਸੀ ਤੇ ਦੂਜਾ ਬਿੱਲ ਆਰ.ਡੀ.ਐਫ. ਨੂੰ ਲੈ ਕੇ ਸੀ। ਦੋਵਾਂ ਬਿਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਨੁਮਾਇੰਦੇ ਬੈਠੇ ਸਨ ਤੇ ਦੋਵਾਂ ਪਾਰਟੀਆਂ ਨੇ ਸਹਿਮਤੀ ਦਿਤੀ ਹੈ। ਇਹ ਬਿਲ ਸਰਬਸੰਮਤੀ ਨਾਲ ਪਾਸ ਹੋਏ ਹਨ।
ਗੁਰਬਾਣੀ ਪ੍ਰਸਾਰਣ ਦੇ ਮਾਮਲੇ ਤੇ ਬੋਲਦਿਆਂ ਨਿੱਝਰ ਨੇ ਕਿਹਾ ਕਿ ਸੈਸ਼ਨ ’ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਵੀ ਸਹਿਮਤੀ ਪ੍ਰਗਟਾਈ ਹੈ। ਉਹ ਵੀ ਚਾਹੁੰਦੇ ਹਨ ਕਿ ਗੁਰਬਾਣੀ ਦੇ ਪ੍ਰਸਾਰਣ ਲਈ ਇਕ ਚੈਨਲ ਦਾ ਏਕਾਧਿਕਾਰ ਖ਼ਤਮ ਕਰ ਕੇ ਖੁੱਲ੍ਹਾ ਪ੍ਰਸਾਰਣ ਕੀਤਾ ਜਾਵੇ। ਮੁੱਖ ਮੰਤਰੀ ਚਾਹੁੰਦੇ ਹਨ ਕਿ ਲੋਕ ਜਿਹੜਾ ਮਰਜ਼ੀ ਚੈਨਲ ਲਾਉਣ, ਉਨ੍ਹਾਂ ਨੂੰ ਗੁਰਬਾਣੀ ਸੁਣਨ ਨੂੰ ਮਿਲੇ। ਗੁਰਬਾਣੀ ਦਾ ਪ੍ਰਸਾਰ ਅਤੇ ਪ੍ਰਚਾਰ ਪੂਰੀ ਦੁਨੀਆਂ 'ਚ ਹੋਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਗੁਰਦੁਆਰਾ ਐਕਟ ਬਹੁਤ ਕੁਰਬਾਨੀਆਂ ਦੇ ਕੇ ਬਣਿਆ ਹੈ। ਇਹ ਕਹਿ ਕੇ ਮੱਲ ਨਹੀਂ ਮਾਰੀ ਜਾ ਸਕਦੀ ਕਿ ਅਸੀਂ ਕੁਰਬਾਨੀਆਂ ਦੇ ਕੇ ਬਣਾਇਆ ਹੈ, ਕੁਰਬਾਨੀਆਂ ਤਾਂ ਸਾਂਝੀਆਂ ਸਨ। ਐਸ.ਜੀ.ਪੀ.ਸੀ. ਨੂੰ ਉਹੀ ਕੰਮ ਕਰਨੇ ਚਾਹੀਦੇ ਹਨ ਜੋ ਲੋਕਾਂ ਦੇ ਹਿੱਤ ਵਿਚ ਹੋਣ।