Fatehgarh Sahib : ਫਤਿਹਗੜ੍ਹ ਸਾਹਿਬ 'ਚ ਤੇਜ਼ ਤੂਫਾਨ ਕਾਰਨ ਡਿੱਗਿਆ ਬਿਜਲੀ ਦਾ ਖੰਭਾ , ਹੇਠਾਂ ਦੱਬਣ ਕਾਰਨ ਇਕ ਵਿਅਕਤੀ ਦੀ ਹੋਈ ਮੌਤ
ਮਾਂ ਦੀ ਦਵਾਈ ਲੈਣ ਜਾ ਰਿਹਾ ਸੀ ਮ੍ਰਿਤਕ
Fatehgarh Sahib : ਫਤਿਹਗੜ੍ਹ ਸਾਹਿਬ ਦੇ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਬੀਤੀ ਰਾਤ ਤੂਫਾਨ ਦੌਰਾਨ ਇੱਕ ਦਰੱਖਤ ਬਿਜਲੀ ਦੇ ਖੰਭੇ 'ਤੇ ਡਿੱਗ ਗਿਆ। ਜਿਸ ਕਾਰਨ ਖੰਭਾ ਟੁੱਟ ਗਿਆ ਅਤੇ ਇਸ ਦੇ ਹੇਠਾਂ ਇੱਕ ਵਿਅਕਤੀ ਦੱਬ ਗਿਆ। ਇਸ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 40 ਸਾਲਾ ਸਤਪਾਲ ਕੁਮਾਰ ਵਜੋਂ ਹੋਈ ਹੈ।
ਮਾਂ ਦੀ ਦਵਾਈ ਲੈਣ ਜਾ ਰਿਹਾ ਸੀ ਸਤਪਾਲ
ਮ੍ਰਿਤਕ ਦੇ ਭਰਾ ਚਰਨਜੀਤ ਨੇ ਦੱਸਿਆ ਕਿ ਬੀਤੀ ਰਾਤ ਸਤਪਾਲ ਆਪਣੀ ਮਾਂ ਲਈ ਦਵਾਈ ਲੈਣ ਘਰੋਂ ਨਿਕਲਿਆ ਸੀ। ਇਸੇ ਦੌਰਾਨ ਤੂਫ਼ਾਨ ਸ਼ੁਰੂ ਹੋ ਗਿਆ। ਪਿੱਪਲ ਦਾ ਵੱਡਾ ਦਰੱਖਤ ਟੁੱਟ ਕੇ ਬਿਜਲੀ ਦੇ ਖੰਭੇ 'ਤੇ ਡਿੱਗ ਗਿਆ ਅਤੇ ਖੰਭਾ ਟੁੱਟ ਕੇ ਸਤਪਾਲ 'ਤੇ ਡਿੱਗ ਗਿਆ। ਲੋਕਾਂ ਨੇ ਬੜੀ ਮੁਸ਼ੱਕਤ ਨਾਲ ਸਤਪਾਲ ਨੂੰ ਖੰਭੇ ਹੇਠੋਂ ਕੱਢ ਕੇ ਫਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਪਹੁੰਚਾਇਆ।
ਐਂਬੂਲੈਂਸ ਦੇ ਦੇਰੀ ਨਾਲ ਪਹੁੰਚਣ ਦਾ ਆਰੋਪ
ਚਰਨਜੀਤ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਹ ਲਗਾਤਾਰ 108 ਨੂੰ ਫੋਨ ਕਰਦਾ ਰਿਹਾ ਪਰ ਐਂਬੂਲੈਂਸ ਕਾਫੀ ਦੇਰ ਨਾਲ ਆਈ। ਉਸਦੇ ਭਰਾ ਦੀ ਮੌਤ ਦਾ ਕਾਰਨ ਵੀ ਇਹੀ ਸੀ। ਜਦੋਂ ਉਸ ਦੇ ਭਰਾ ਨੂੰ ਫਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ ਲਈ ਰੈਫਰ ਕੀਤਾ ਗਿਆ ਤਾਂ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਚਰਨਜੀਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਐਂਬੂਲੈਂਸ ਦਾ ਹਾਦਸੇ ਵਾਲੀ ਥਾਂ ’ਤੇ ਤੁਰੰਤ ਪਹੁੰਚਣਾ ਯਕੀਨੀ ਬਣਾਇਆ ਜਾਵੇ।