ਐਤਵਾਰ ਨੂੰ ਪੰਜਾਬ 'ਚ ਕੋਰੋਨਾ ਨਾਲ 8 ਹੋਰ ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

300 ਤੋਂ ਵੱਧ ਹੋਰ ਪਾਜ਼ੇਟਿਵ ਮਾਮਲੇ ਆਏ, ਕੁਲ ਗਿਣਤੀ 10,110 ਹੋਈ

corona Virus

ਚੰਡੀਗੜ੍ਹ, 19 ਜੁਲਾਈ (ਗੁਰਉਪਦੇਸ਼ ਭੁੱਲਰ) : ਪੰਜਾਬ ਲਈ ਐਤਵਾਰ ਦਾ ਦਿਨ ਵੀ ਮਾੜਾ ਰਿਹਾ। ਕੋਰੋਨਾ ਕਹਿਰ ਦੇ ਚਲਦੇ ਬੀਤੇ 24 ਘੰਟਿਆਂ ਦੌਰਾਨ 8 ਹੋਰ ਮੌਤਾਂ ਹੋਈਆਂ ਹਨ ਅਤੇ 300 ਤੋਂ ਵੱਧ ਹੋਰ ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਆਏ ਹਨ। ਲੁਧਿਆਣਾ, ਜਲੰਧਰ ਤੇ ਪਟਿਆਲਾ ਵਿਚ ਲਗਾਤਾਰ ਕੋਰੋਨਾ ਧਮਾਕੇ ਕਈ ਦਿਨਾਂ ਤੋਂ ਹੋ ਰਹੇ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਅੱਜ ਵੀ ਕ੍ਰਮਵਾਰ 76, 60 ਤੇ 40 ਹੋਰ ਪਾਜ਼ੇਟਿਵ ਮਾਮਲੇ ਆਏ ਹਨ। ਜਿਥੇ ਹੁਣ ਸੂਬੇ ਵਿਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ 257 ਤਕ ਪਹੁੰਚ ਗਈ ਹੈ, ਉਥੇ ਕੁਲ ਪਾਜ਼ੇਟਿਵ ਅੰਕੜਾ ਵੀ 10 ਹਜ਼ਾਰ ਤੋਂ ਪਾਰ ਹੋ ਗਿਆ ਹੈ।

ਸ਼ਾਮ ਤਕ ਇਹ ਅੰਕੜਾ 10110 ਦਰਜ ਹੋਇਆ ਹੈ। ਅੱਜ ਹੋਈਆਂ 8 ਮੌਤਾਂ ਵਿਚੋਂ 4 ਮਾਮਲੇ ਲੁਧਿਆਣਾ ਜ਼ਿਲ੍ਹਾ, 2 ਹੁਸ਼ਿਆਰਪੁਰ ਤੇ ਇਕ-ਇਕ ਅੰਮ੍ਰਿਤਸਰ ਤੇ ਮੋਹਾਲੀ ਨਾਲ ਸਬੰਧਤ ਹੈ। ਜ਼ਿਲ੍ਹਾ ਅੰਮ੍ਰਿਤਸਰ ਵਿਚ ਸੱਭ ਤੋਂ ਵੱਧ 64 ਮੌਤਾਂ ਹੋਈਆਂ ਹਨ। ਇਸ ਤੋਂ ਬਾਅਦ ਲੁਧਿਆਣਾ ਵਿਚ 46 ਤੇ ਜਲੰਧਰ ਵਿਚ 33 ਮੌਤਾਂ ਹੋਈਆਂ ਹਨ। ਸੰਗਰੂਰ ਵਿਚ 21 ਤੇ ਪਟਿਆਲਾ ਜ਼ਿਲ੍ਹੇ ਵਿਚ 15 ਮੌਤਾਂ ਹੋਈਆਂ ਹਨ। ਸੱਭ ਤੋਂ ਵੱਧ ਪਾਜ਼ੇਟਿਵ ਕੇਸਾਂ ਦਾ ਅੰਕੜਾ ਜ਼ਿਲ੍ਹਾ ਲੁਧਿਆਣਾ ਵਿਚ 1843 ਤੇ ਉਸ ਤੋਂ ਬਾਅਦ ਜਲੰਧਰ ਵਿਚ 1676 ਹੈ। ਹੁਣ ਤਕ 6535 ਮਰੀਜ਼ ਠੀਕ ਵੀ ਹੋਏ ਹਨ ਅਤੇ ਇਸ ਸਮੇਂ 3311 ਇਲਾਜ ਅਧੀਨ ਹਨ। ਇਨ੍ਹਾਂ ਵਿਚੋਂ 73 ਦੀ ਹਾਲਤ ਗੰਭੀਰ ਹੈ। 63 ਆਕਸੀਜਨ ਤੇ ਅਤੇ 10 ਵੈਂਟੀਲੇਟਰ ਉਪਰ ਹਨ।

ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੀ ਰੀਪੋਰਟ ਆਈ ਪਾਜ਼ੇਟਿਵ
ਤਰਨਤਾਰਨ, 19 ਜੁਲਾਈ (ਅਜੀਤ ਘਰਿਆਲਾ) : ਜ਼ਿਲੇ 'ਚ ਅੱਜ ਕੋਰੋਨਾ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ 'ਚ ਹਲਕਾ ਤਰਨਤਾਰਨ ਤੋਂ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦਾ ਨਾਂ ਵੀ ਸ਼ਾਮਲ ਹੈ ਅਤੇ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਜ਼ਿਲੇ ਅੰਦਰ ਹਲਕਾ ਤਰਨ ਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਸਮੇਤ ਕੁੱਲ 7 ਕੋਰੋਨਾ ਪੀੜਤਾਂ ਦੀ ਪੁਸ਼ਟੀ ਹੋਣ ਨਾਲ ਕਾਫ਼ੀ ਸਹਿਮ ਭਰਿਆ ਮਾਹੌਲ ਬਣ ਗਿਆ ਹੈ। ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦਸਿਆ ਕਿ ਹਲਕਾ ਤਰਨ ਤਾਰਨ ਦੇ ਵਿਧਾਇਕ ਡਾ. ਅਗਨੀਹੋਤਰੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਦਕਿ ਉਨ੍ਹਾਂ ਦੇ ਬੇਟੇ ਸੰਦੀਪ ਅਗਨੀਹੋਤਰੀ ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਸਥਾਨਕ ਘਰ 'ਚ ਇਕਾਂਤਵਾਸ ਕੀਤਾ ਗਿਆ ਹੈ।