ਲੋਕਾਂ ਤਕ ਮਨਪਸੰਦ ਪਕਵਾਨ ਪਹੁੰਚਾਉਣ ਵਾਲਿਆਂ ਦੇ ਅਪਣੇ ਚੁੱਲੇ ਹੋਏ ਠੰਡੇ,ਕੰਪਨੀਆਂ 'ਤੇ ਧੱਕੇ ਦਾ ਦੋਸ਼!

ਏਜੰਸੀ

ਖ਼ਬਰਾਂ, ਪੰਜਾਬ

ਲੌਕਡਾਊਨ ਦੌਰਾਨ ਕੰਮ ਕਰਨ ਵਾਲੇ ਕਾਮਿਆਂ ਨੇ ਪਹਿਲਾਂ ਵਾਲੇ ਰੇਟ ਦੇਣ ਦੀ ਕੀਤੀ ਮੰਗ

Delivery food

ਚੰਡੀਗੜ੍ਹ : ਕਰੋਨਾ ਮਹਾਮਾਰੀ ਨੇ ਸਰਕਾਰਾਂ ਦੇ ਨਾਲ-ਨਾਲ ਆਮ ਲੋਕਾਂ ਦੇ ਜੀਵਨ 'ਚ ਵੀ ਵੱਡੀਆਂ ਤਬਦੀਲੀਆਂ ਲਿਆਂਦੀਆਂ ਹਨ। ਭਾਵੇਂ ਲੰਮੇ ਲੌਕਡਾਊਨ ਤੋਂ ਬਾਅਦ ਜ਼ਿੰਦਗੀ ਹੁਣ ਮੁੜ ਲੀਂਹਾਂ 'ਤੇ ਪੈਣੀ ਸ਼ੁਰੂ ਹੋ ਗਈ ਹੈ, ਪਰ ਇਸ ਦੌਰਾਨ ਆਈ ਖੜੋਤ ਦੇ ਦੁਰਗਾਮੀ ਪ੍ਰਭਾਵ ਲੰਮੇ ਸਮੇਂ ਤਕ ਸਾਹਮਣੇ ਆਉਣ ਦੇ ਆਸਾਰ ਹਨ। ਇਸੇ ਦੌਰਾਨ ਮੁਨਾਫ਼ਾਵਾਦੀ ਸੋਚ ਅਧੀਨ ਬਾਜ਼ਾਰ 'ਚ ਸਰਗਰਮ ਕੁੱਝ ਪ੍ਰਸਿੱਧ ਕੰਪਨੀਆਂ ਜਿੱਥੇ ਲੌਕਡਾਊਨ ਦੌਰਾਨ ਵੀ ਅਪਣਾ ਕਾਰੋਬਾਰ ਜਾਰੀ ਰੱਖਣ 'ਚ ਸਫ਼ਲ ਰਹੀਆਂ ਹਨ, ਉਥੇ ਹੀ ਇਹ ਹੁਣ ਔਖੀ ਘੜੀ ਸਾਥ ਦੇਣ ਵਾਲੇ ਅਪਣੇ ਕਾਮਿਆਂ ਦੀ ਬਾਂਹ ਫੜਨ ਨੂੰ ਤਿਆਰ ਨਹੀਂ ਹਨ। ਔਖਾ ਸਮਾਂ ਨਿਕਲਦਿਆਂ ਹੀ ਇਨ੍ਹਾਂ ਨੇ ਮੁਲਾਜ਼ਮਾਂ ਨੂੰ ਤੇਵਰ ਦਿਖਾਉਣੇ ਸ਼ੁਰੂ ਕਰ ਦਿਤੇ ਹਨ।

ਦੱਸ ਦਈਏ ਕਿ ਲੌਕਡਾਊਨ ਦੌਰਾਨ ਪੰਜਾਬ ਸਰਕਾਰ ਨੇ ਸਵਿੱਗੀ ਤੇ ਜੋਮੇਟੋ ਵਰਗੀਆਂ ਕੰਪਨੀਆਂ ਦੀ ਡਿਊਟੀ ਲਾਈ ਸੀ ਕਿ ਉਹ ਲੋਕਾਂ ਨੂੰ ਉਨ੍ਹਾਂ ਦਾ ਮਨਪਸੰਦ ਖਾਣਾ ਡਿਲੀਵਰ ਕਰਨ, ਤਾਂ ਜੋ ਲੋਕਾਂ ਨੂੰ ਘਰਾਂ 'ਚੋਂ ਬਾਹਰ ਨਾ ਨਿਕਲਣਾ ਪਵੇ। ਹੁਣ ਕੰਪਨੀ ਵਲੋਂ ਮੁਲਾਜ਼ਮਾਂ ਦੇ ਪੈਸੇ 'ਚ ਕਟੌਤੀ ਕਰ ਦਿਤੀ ਗਈ ਹੈ। ਇਸ ਕਾਰਨ ਲੌਕਡਾਊਨ ਵਰਗੇ ਔਖੇ ਵੇਲੇ ਕੰਪਨੀ ਤੇ ਸਰਕਾਰ ਦਾ ਸਾਥ ਦੇਣ ਵਾਲੇ ਇਹ ਕਾਮੇ ਹੁਣ ਡਾਢੀ ਪ੍ਰੇਸ਼ਾਨੀ 'ਚੋਂ ਲੰਘ ਰਹੇ ਹਨ।

ਮੁਲਾਜ਼ਮਾਂ ਮੁਤਾਬਕ ਕੰਪਨੀ ਉਨ੍ਹਾਂ ਨੂੰ 0 ਇਨਕਮ ਦੇ ਰਹੀ ਹੈ ਤੇ ਗਾਹਕ ਤੋਂ 70 ਪ੍ਰਤੀਸ਼ਤ ਤਕ ਡਿਲੀਵਰੀ ਚਾਰਜ ਤੇ ਰੈਸਟੋਰੈਂਟ ਤੋਂ ਵੀ ਡਿਲੀਵਰੀ ਚਾਰਜ ਲੈ ਰਹੀ ਹੈ। ਉਨ੍ਹਾਂ ਨੂੰ ਇਕ ਕਿਲੋਮੀਟਰ ਲਈ ਸਿਰਫ਼ 4 ਰੁਪਏ ਦਿੱਤੇ ਜਾ ਰਹੇ ਹਨੇ। ਇੰਨਾ ਹੀ ਨਹੀਂ, ਹੁਣ ਕੰਪਨੀ ਨੇ ਉਨ੍ਹਾਂ ਨੂੰ ਪਿਕਅਪ ਤੇ ਡਰਾਪ ਦੇਣਾ ਵੀ ਬੰਦ ਕਰ ਦਿਤਾ ਹੈ।

ਮੁਲਾਜ਼ਮਾਂ ਮੁਤਾਬਕ ਇਸ ਨਾਲ ਉਨ੍ਹਾਂ ਦਾ ਪੈਟਰੋਲ ਤੇ ਮੋਟਰਸਾਈਕਲ ਦਾ ਖ਼ਰਚਾ ਵੀ ਪੂਰਾ ਨਹੀਂ ਹੋ ਰਿਹਾ। ਮੁਲਾਜ਼ਮਾ ਮੁਤਾਬਕ ਜੇ ਉਹ ਰੋਜ਼ 65 ਕਿਲੋਮੀਟਰ ਸਫ਼ਰ ਕਰਦੇ ਹਨ ਤਾਂ ਉਨ੍ਹਾਂ ਨੂੰ ਸਿਰਫ਼ 250 ਰੁਪਏ ਦਿਤੇ ਜਾਂਦੇ ਹਨ। ਉਨ੍ਹਾਂ ਦੇ ਖਾਤੇ ਕੰਪਨੀ ਵਲੋਂ ਬੰਦ ਕਰ ਦਿਤੇ ਗਏ ਹਨ ਤੇ ਨਵੇਂ ਮੁਲਾਜ਼ਮ ਰੱਖਣੇ ਸ਼ੁਰੂ ਕਰ ਦਿਤੇ ਹਨ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਹਿਲਾਂ ਆਰਡਰ ਲਈ 25 ਰੁਪਏ ਤੇ 1 ਕਿਲੋਮੀਟਰ ਲਈ 8 ਰੁਪਏ ਦਿਤੇ ਜਾਂਦੇ ਸੀ, ਪਰ ਹੁਣ ਸਭ ਕੁਝ ਬੰਦ ਹੋ ਗਿਆ ਹੈ।

ਮੁਲਾਜ਼ਮਾਂ ਨੇ ਅਪਣੇ ਰੇਟ 'ਚ ਵਾਧਾ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਨੂੰ ਘਰ ਦਾ ਖ਼ਰਚਾ ਕੱਢਣ ਲਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਇਕ ਮਹੀਨੇ ਦੀ ਸਖ਼ਤ ਮਿਹਨਤ ਤੋਂ ਬਾਅਦ 1000 ਤੋਂ 1500 ਰੁਪਏ ਦੀ ਬਚਤ ਹੁੰਦੀ ਹੈ। ਹੁਣ ਜਦੋਂ ਉਨ੍ਹਾਂ ਨੇ ਇਸ ਖਿਲਾਫ਼ ਆਵਾਜ਼ ਉਠਾਈ ਹੈ ਤਾਂ ਕੰਪਨੀ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾ ਦਿਤਾ ਹੈ, ਜਿਸ ਕਾਰਨ ਉਹ ਸੜਕ 'ਤੇ ਆ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।