ਗੁਰਦਵਾਰਾ ਨਨਕਾਣਾ ਸਾਹਿਬ ਦੀ ਸੰਗਤ ਨੇ ਪੰਥ ’ਚ ਏਕਤਾ ਤੇ ਚੜ੍ਹਦੀ ਕਲਾ ਦੀ ਕੀਤੀ ਅਰਦਾਸ
ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਪਾਕਿਸਤਾਨ ਵਿਚ ਸਵਰਗੀ ਬੀਬੀ ਮਨਜੀਤ ਕੌਰ
ਅੰਮਿ੍ਰਤਸਰ, 19 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਪਾਕਿਸਤਾਨ ਵਿਚ ਸਵਰਗੀ ਬੀਬੀ ਮਨਜੀਤ ਕੌਰ ਸੁਪਤਨੀ ਜਲਾਵਤਨੀ ਦਲ ਖ਼ਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦੀ ਮਿੱਠੀ ਤੇ ਨਿੱਘੀ ਯਾਦ ਵਿਚ ਤੇ ਭਾਈ ਗਜਿੰਦਰ ਸਿੰਘ ਤੇ ਸਮੂਹ ਪ੍ਰਵਾਰ ਦੀ ਦੇਹ ਅਰੋਗਤਾ ਚੜ੍ਹਦੀ ਕਲਾ ਤੰਦਰੁਸਤੀ ਲਈ ਸਹਿਜ ਪਾਠ ਦੇ ਭੋਗ ਪਾਏ ਗਏ। ਗੁਰਦਵਾਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਦਿਆ ਸਿੰਘ ਨੇ ਭਾਈ ਗਜਿੰਦਰ ਸਿੰਘ ਦਲ ਖ਼ਾਲਸਾ ਦੀ ਤੰਦਰੁਸਤੀ, ਚੜ੍ਹਦੀ ਕਲਾ, ਪੰਥ ਵਿਚ ਏਕਤਾ ਤੇ ਖ਼ਾਲਸਾ ਰਾਜ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਗਈ। ਇਸ ਮੌਕੇ ਹੈੱਡ ਗ੍ਰੰਥੀ ਭਾਈ ਬਲਵੰਤ ਸਿੰਘ ਵੀ ਅਰਦਾਸ ਸਮਾਗਮਾਂ ਵਿਚ ਸ਼ਾਮਲ ਹੋਏ।
ਇਸ ਮੌਕੇ ਦਲ ਖ਼ਾਲਸਾ ਦੇ ਸ. ਸਤਿੰਦਰ ਸਿੰਘ ਨੇ ਸਵਰਗੀ ਬੀਬੀ ਮਨਜੀਤ ਕੌਰ ਦੇ ਨਨਕਾਣਾ ਸਾਹਿਬ ਦੀਆਂ ਸੰਗਤਾਂ ਨਾਲ ਪਿਆਰ ਸਤਿਕਾਰ ਨੂੰ ਬੜੇ ਸੁਚੱਜੇ ਢੰਗ ਨਾਲ ਦਸਿਆ। ਉਨ੍ਹਾਂ ਨਨਕਾਣਾ ਸਾਹਿਬ ਦੀ ਸਮੂਹ ਸੰਗਤ ਦਾ ਅਰਦਾਸ ਸਮਾਗਮ ਵਿਚ ਸ਼ਾਮਲ ਹੋਣ ਲਈ ਬਹੁਤ ਬਹੁਤ ਧਨਵਾਦ ਕੀਤਾ। ਭਾਈ ਹੰਸਰਾਜ ਸਿੰਘ ਨੇ ਸਵਰਗੀ ਬੀਬੀ ਮਨਜੀਤ ਕੌਰ ਦੀ ਯਾਦ ਵਿਚ ਚਲ ਰਹੇ ਮੁਫ਼ਤ ਦਵਾਖ਼ਾਨਾ ਦੀਆਂ ਸੇਵਾਵਾਂ ਸਬੰਧੀ ਚਾਨਣਾ ਪਾਇਆ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਹੀ ਉਨ੍ਹਾਂ ਦੇ ਨਾਮ ’ਤੇ ਨਨਕਾਣਾ ਸਾਹਿਬ ਵਿਚ ਇਕ ਮਨਜੀਤ ਕੌਰ ਮੁਫ਼ਤ ਦਵਾਖ਼ਾਨਾ ਖੋਲਿ੍ਹਆ ਗਿਆ, ਜਿਥੇ ਰੋਜ਼ਾਨਾ 400-500 ਲੋੜਵੰਦ ਮਰੀਜ਼ਾਂ ਦਾ ਮੁਫ਼ਤ ਇਲਾਜ ਤੇ ਉਨ੍ਹਾਂ ਨੂੰ ਲੋੜ ਅਨੁਸਾਰ ਦਵਾਈ ਦਿਤੀ ਜਾਂਦੀ ਹੈ। ਬੀਤੇ ਦਿਨੀਂ ਨਨਕਾਣਾ ਸਾਹਿਬ ਦੇ ਆਦੇਸ਼ਾਂ ਤੇ ਇਕ ਮੁਫ਼ਤ 3 ਦਿਨਾਂ ਕੈਂਪ ਵੀ ਲਾਇਆ ਗਿਆ ਜਿਥੇ ਤਕਰੀਬਨ 5000 ਮਰੀਜ਼ਾਂ ਦੀ ਜਾਂਚ ਕਰ ਕੇ ਮੁਫ਼ਤ ਦਵਾਈਆਂ ਦਿਤੀਆਂ ਗਈਆਂ।