ਤਿ੍ਪਤ ਬਾਜਵਾ ਦੀ ਰਿਹਾਇਸ਼ 'ਤੇ 5 ਮੰਤਰੀਆਂ ਸਮੇਤ 30 ਵਿਧਾਇਕਾਂ ਨੇ ਨਵਜੋਤ ਸਿੱਧੂ ਦਾਕੀਤਾਭਰਵਾਂਸਵਾਗਤ

ਏਜੰਸੀ

ਖ਼ਬਰਾਂ, ਪੰਜਾਬ

ਤਿ੍ਪਤ ਬਾਜਵਾ ਦੀ ਰਿਹਾਇਸ਼ 'ਤੇ 5 ਮੰਤਰੀਆਂ ਸਮੇਤ 30 ਵਿਧਾਇਕਾਂ ਨੇ ਨਵਜੋਤ ਸਿੱਧੂ ਦਾ ਕੀਤਾ ਭਰਵਾਂ ਸਵਾਗਤ

image


ਜਾਖੜ, ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ, ਸੁੱਖ ਸਰਕਾਰੀਆ ਵੀ ਰਹੇ ਸਿੱਧੂ ਦੇ ਕਾਫ਼ਲੇ 'ਚ ਸ਼ਾਮਲ

ਚੰਡੀਗੜ੍ਹ, 19 ਜੁਲਾਈ (ਗੁਰਉਪਦੇਸ਼ ਭੁੱਲਰ) : ਪੰਜਾਬ ਕਾਂਗਰਸ ਪ੍ਰਧਾਨ ਵਜੋਂ ਬਕਾਇਦਾ ਨਿਯੁਕਤੀ ਤੋਂ ਬਾਅਦ ਅੱਜ ਵੀ ਨਵਜੋਤ ਸਿੱਧੂ ਵਲੋਂ ਚੰਡੀਗੜ੍ਹ ਪਹੁੰਚ ਕੇ ਪਾਰਟੀ ਦੇ ਪ੍ਰਮੁੱਖ ਨੇਤਾਵਾਂ, ਮੰਤਰੀਆਂ ਤੇ ਵਿਧਾਇਕਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਖਿਆ ਗਿਆ | ਇਹ ਸਿਲਸਿਲਾ ਉਨ੍ਹਾਂ ਪਿਛਲੇ ਦਿਨੀਂ ਪ੍ਰਧਾਨ ਵਜੋਂ ਅਧਿਕਾਰਤ ਐਲਾਨ ਹੋਣ ਤੋਂ ਪਹਿਲਾਂ ਹੀ ਸ਼ੁਰੂ ਕਰ ਦਿਤਾ ਸੀ | ਪਟਿਆਲਾ ਤੋਂ ਅੱਜ ਉਹ ਮੋਹਾਲੀ ਹੁੰਦੇ ਹੋਏ ਚੰਡੀਗੜ੍ਹ ਪੁੱਜੇ ਅਤੇ ਪੂਰਾ ਦਿਨ ਮਿਲਣੀਆਂ ਦਾ ਕੰਮ ਜਾਰੀ ਰੱਖਿਆ | ਸੱਭ ਤੋਂ ਪਹਿਲਾਂ ਉਹ ਅਪਣੇ ਨਾਲ ਨਿਯੁਕਤ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਦੀ ਰਿਹਾਇਸ਼ 'ਤੇ ਪਹੁੰਚੇ ਅਤੇ ਉਥੇ ਉਨ੍ਹਾਂ ਵਲੋਂ ਕੇਕ ਕੱਟ ਕੇ ਖ਼ੁਸ਼ੀ ਮਨਾਈ ਗਈ | ਇਸ ਮੌਕੇ ਵਿਧਾਇਕ ਰਾਜਾ ਅਮਰਿੰਦਰ ਸਿੰਘ ਵੜਿੰਗ ਅਤੇ ਕੁਲਬੀਰ ਜ਼ੀਰਾ ਵੀ ਉਨ੍ਹਾਂ ਨਾਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ, ਜੋ ਪਟਿਆਲਾ ਤੋਂ ਹੀ ਸਿੱਧੂ ਨਾਲ ਕਾਫ਼ਲੇ ਵਿਚ ਆਏ ਸਨ |
ਇਸ ਤੋਂ ਬਾਅਦ ਸਿੱਧੂ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਦੀ ਸਰਕਾਰੀ ਰਿਹਾਇਸ਼ 'ਤੇ ਪੁੱਜੇ ਜਿਥੇ 5 ਮੰਤਰੀਆਂ ਸਮੇਤ 30 ਵਿਧਾਇਕਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ | ਇਸ ਮੌਕੇ ਪੰਜਾਬ ਕਾਂਗਰਸ ਦੇ ਅਹੁਦਾ ਛੱਡ ਰਹੇ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਪੰਜ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਸੁਖ ਸਰਕਾਰੀਆ ਅਤੇ ਰਜ਼ੀਆ ਸੁਲਤਾਨਾ ਵੀ ਹਾਜ਼ਰ ਸਨ | 30 ਵਿਧਾਇਕਾਂ ਵਿਚ ਪ੍ਰਗਟ ਸਿੰਘ, ਗੁਰਕੀਰਤ ਸਿੰਘ, ਲਖਵੀਰ ਲੱਖਾ, ਰਾਜਾ ਵੜਿੰਗ, ਕੁਲਬੀਰ ਜ਼ੀਰਾ, ਸੁਰਜੀਤ ਧੀਮਾਨ, ਮਦਨ ਲਾਲ ਜਲਾਲਪੁਰ, ਦਰਸ਼ਨ ਸਿੰਘ ਬਰਾੜ, ਕਾਕਾ ਸੁਖਜੀਤ ਸਿੰਘ ਲੋਹਗੜ੍ਹ ਦੇ ਨਾਂ ਜ਼ਿਕਰਯੋਗ ਹਨ | ਇਹ ਗੱਲ ਵੀ ਵਰਨਣਯੋਗ ਹੈ ਕਿ ਇਸ ਮੌਕੇ ਕਈ ਉਹ ਵਿਧਾਇਕ ਵੀ ਸੱਭ ਤੋਂ ਅੱਗੇ ਦੇਖੇ ਗਏ ਜੋ ਕੁੱਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨੇੜੇ ਰਹਿੰਦੇ ਸਨ | ਇਸ ਮੌਕੇ ਮੌਜੂਦ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੇ ਇਕ ਦੂਜੇ ਦੇ ਹੱਥ ਫੜ ਕੇ ਨਵਜੋਤ ਸਿੱਧੂ ਨਾਲ ਇਕਜੁਟਤਾ ਦਾ ਵੀ ਪ੍ਰਗਟਾਵਾ ਕਰਦਿਆਂ ਫ਼ੋਟੋਆਂ ਖਿਚਵਾਈਆਂ |
ਇਸੇ ਦੌਰਾਨ ਅੱਜ ਸਿੱਧੂ ਚੰਡੀਗੜ੍ਹ ਪਹੁੰਚਣ ਬਾਅਦ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਸਪੀਕਰ ਰਾਣਾ ਕੇ.ਪੀ. ਸਿੰਘ, ਮੰਤਰੀ ਰਜ਼ੀਆ ਸੁਲਤਾਨਾ ਨੂੰ  ਵੀ ਉਨ੍ਹਾਂ ਦੀ ਰਿਹਾਇਸ਼ 'ਤੇ ਜਾ ਕੇ ਮਿਲੇ ਤੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ | ਸਿੱਧੂ ਨੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਨਾਲ ਵੀ ਮੁਲਾਕਾਤ ਕੀਤੀ |