ਲੋਕ ਸਭਾ ਅਤੇ ਰਾਜ ਸਭਾ 'ਚ ਵਿਰੋਧੀ ਦਲਾਂ ਦਾ ਹੰਗਾਮਾ, ਕਾਰਵਾਈ ਪੂਰੇ ਦਿਨ ਲਈ ਉਠਾ ਦਿਤੀ

ਏਜੰਸੀ

ਖ਼ਬਰਾਂ, ਪੰਜਾਬ

ਲੋਕ ਸਭਾ ਅਤੇ ਰਾਜ ਸਭਾ 'ਚ ਵਿਰੋਧੀ ਦਲਾਂ ਦਾ ਹੰਗਾਮਾ, ਕਾਰਵਾਈ ਪੂਰੇ ਦਿਨ ਲਈ ਉਠਾ ਦਿਤੀ

image

ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਨੇ ਖੇਤੀ ਕਾਨੂੰਨਾਂ ਅਤੇ ਹੋਰ ਮੁੱਦਿਆਂ 'ਤੇ ਨਹੀਂ ਚਲਣ ਦਿਤੀ ਕਾਰਵਾਈ


ਨਵੀਂ ਦਿੱਲੀ, 19 ਜੁਲਾਈ : ਸੰਸਦ ਦੇ ਮਾਨਸੂਨ ਸਤਰ ਦੇ ਪਹਿਲੇ ਦਿਨ ਸੋਮਵਾਰ ਨੂੰ  ਲੋਕਸਭਾ ਵਿਚ ਹੰਗਾਮੇਦਾਰ ਸ਼ੁਰੂਆਤ ਕਾਰਨ ਪ੍ਰਸ਼ਨਕਾਲ ਨਹੀਂ ਚਲ ਸਕਿਆ | ਇਥੋਂ ਤਕ ਕਿ ਪ੍ਰਧਾਨ ਮੰਤਰੀ ਅਪਣੇ ਨਵੇਂ ਮੰਤਰੀਆਂ ਦੀ ਜਾਣ ਪਛਾਣ ਵੀ ਨਾ ਕਰਵਾ ਸਕੇ | ਹੰਗਾਮੇ ਕਾਰਨ ਲੋਕਸਭਾ ਦੋ ਵਾਰ ਅਤੇ ਰਾਜਸਭਾ ਤਿੰਨ ਵਾਰ ਮੁਲਤਵੀ ਹੋਣ ਤੋਂ ਬਾਅਦ ਪੂਰੇ ਦਿਨ ਲਈ ਮੁਲਤਵੀ ਉਠਾ ਦਿਤੀ ਗਈ | ਦੋਵੇਂ ਸਦਨਾਂ ਵਿਚ ਵਿਰੋਧੀ ਮੈਂਬਰ ਤਿੰਨ ਨਵੇਂ ਖੇਤੀ ਕਾਨੂੰਨਾਂ, ਮਹਿੰਗਾਈ ਤੇ ਹੋਰ ਮੁੱਦਿਆਂਂ 'ਤੇ ਨਾਹਰੇਬਾਜ਼ੀ ਕਰਦੇ ਦਿਖੇ | ਕੁੱਝ ਵਿਰੋਧੀ ਮੈਂਬਰ ਸਭਾਪਤੀ ਦੇ ਆਸਣ ਨੇੜੇ ਜਾ ਕੇ ਨਾਹਰੇਬਾਜ਼ੀ ਕਰਦੇ ਰਹੇ | ਸਵੇਰੇ 11 ਵਜੇ ਸਦਨ ਦੀ ਬੈਠਕ ਸ਼ੁਰੂ ਹੋਣ 'ਤੇ ਚਾਰ ਨਵ-ਨਿਯੁਕਤ ਮੈਂਬਰਾਂ ਨੇ ਸਹੁੰ ਚੁੱਕੀ | ਇਸ ਤੋਂ ਬਾਅਦ ਪ੍ਰਧਾਨ ਮੰਤਰੀ ਵਲੋਂ ਲੋਕਸਭਾ ਵਿਚ ਮੰਤਰੀ ਪ੍ਰੀਸ਼ਦ ਦੇ ਨਵੇਂ ਮੈਂਬਰਾਂ ਦੀ ਜਾਣ ਪਛਾਣ ਕਰਵਾਉਣ ਦੌਰਾਨ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਖੇਤੀ ਕਾਨੂੰਨਾਂ ਤੇ ਹੋਰ ਮੁੱਦਿਆਂ 'ਤੇ ਭਾਰੀ ਹੰਗਾਮਾ ਕੀਤਾ | ਇਸ ਦੌਰਾਨ ਕਾਂਗਰਸ ਮੈਂਬਰ 'ਕਾਲੇ ਖੇਤੀ ਕਾਨੂੰਨ ਵਾਪਸ ਲਉ' ਦੇ ਨਾਹਰੇ ਲਗਾਉਂਦੇ ਰਹੇ | 
ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਸਮੇਤ ਹੋਰ ਮੁੱਦਿਆਂ 'ਤੇ ਕਾਂਗਰਸ ਸਮੇਤ ਹੋਰ ਵਿਰੋਧੀ ਦਲਾਂ ਦੇ ਹੰਗਾਮੇ ਕਾਰਨ ਸੋਮਵਾਰ ਨੂੰ  ਉੱਚ ਸਦਨ ਦੀ ਕਾਰਵਾਈ ਵੀ ਵਾਰ ਵਾਰ ਰੁਕਦੀ ਰਹੀ ਤੇ ਅੰਤ ਵਿਚ ਤਿੰਨ ਵੱਜ ਕੇ 20 ਮਿੰਟ 'ਤੇ ਬੈਠਕ ਦਿਨ ਭਰ ਲਈ ਉਠਾ ਦਿਤੀ ਗਈ | ਪ੍ਰਧਾਨ ਮੰਤਰੀ ਨੇ ਹੋ ਰਹੇ ਹੰਗਾਮਾ ਵਿਚਾਲੇ ਕਿਹਾ,''ਦਲਿਤ ਮੰਤਰੀ ਬਣੇ, ਔਰਤ ਮੰਤਰੀ ਬਣੇ, ਓਬੀਸੀ ਮੰਤਰੀ ਬਣੇ, ਕਿਸਾਨ ਪ੍ਰਵਾਰਾਂ ਦੇ ਲੋਕ ਮੰਤਰੀ ਬਣਨ, ਸ਼ਾਇਦ ਇਹ ਗੱਲ ਕੁੱਝ ਲੋਕਾਂ ਨੂੰ  ਰਾਸ ਨਹੀਂ ਆਉਂਦੀ, ਇਸ ਲਈ ਉਨ੍ਹਾਂ ਦੀ ਜਾਣ ਪਛਾਣ ਵੀ ਨਹੀਂ ਹੋਣ ਦਿੰਦੇ | ਵਿਰੋਧੀ ਧਿਰ ਦੀ ਮਾਨਸਿਕਤਾ ਔਰਤ ਵਿਰੋਧੀ ਹੈ |''
  ਤਿੰਨ ਵਾਰ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ ਤਿੰਨ ਵਜੇ ਉੱਚ ਸਦਨ ਦੀ ਬੈਠਕ ਸ਼ੁਰੂ ਹੋਣ 'ਤੇ ਵੀ ਸਦਨ ਵਿਚ ਵਿਰੋਧੀ ਧਿਰਾਂ ਦੇ ਮੈਂਬਰਾਂ ਦਾ ਹੰਗਾਮਾ ਜਾਰੀ ਰਿਹਾ ਅਤੇ ਉਨ੍ਹਾਂ ਨੇ ਅਪਣੇ ਅਪਣੇ ਮੁੱਦੇ ਚੁੱਕਣ ਦੇ ਯਤਨ ਕੀਤੇ | ਪਰ ਉਪ ਸਭਾਪਤੀ ਹਰਿਵੰਸ਼ ਨੇ ਉਨ੍ਹਾਂ ਨੂੰ  ਪ੍ਰਵਾਨਗੀ ਨਾ ਦਿਤੀ ਅਤੇ 
ਕਿਹਾ ਕਿ ਸਭਾਪਤੀ ਨੇ ਇਸ ਸਬੰਧੀ ਫ਼ੈਸਲਾ ਦੇ ਦਿਤਾ ਹੈ ਅਤੇ ਉਸ 'ਤੇ ਮੁੜ ਵਿਚਾਰ ਨਹੀਂ ਕੀਤਾ ਜਾ ਸਕਦਾ | ਰਾਜ ਸਭਾ 'ਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਆਂਧਰਾ ਪ੍ਰਦੇਸ਼ ਨੂੰ  ਵਿਸ਼ੇਸ਼ ਦਰਜਾ ਦੇਣ, ਪੱਤਰਕਾਰਾਂ ਦੀ ਜਾਸੂਸੀ, ਨਵੇਂ ਮੰਤਰੀ ਦੀ ਨਾਗਰਿਕਤਾ ਅਤੇ ਹੋਰ ਮੁੱਦਿਆਂ ਨੂੰ  ਲੈ ਕੇ ਰੱਜ ਕੇ ਰੌਲਾ ਪਾਇਆ | ਰੌਲੇ ਕਾਰਨ ਸਦਨ ਵਿਚ ਸਿਰਫ਼ ਇਕ ਬਿਲ 'ਤੇ ਸੰਖੇਪ ਚਰਚਾ ਹੋ ਸਕੀ | ਸੰਸਦ ਦਾ ਮਾਨਸੂਨ ਸਤਰ 19 ਜੁਲਾਈ ਤੋਂ 13 ਅਗੱਸਤ ਤਕ ਚਲੇਗਾ | ਇਸ ਸਤਰ 'ਚ ਮੋਦੀ ਸਰਕਾਰ 31 ਬਿਲ ਪਾਸ ਕਰਵਾਏਗੀ | (ਪੀਟੀਆਈ)

ਕਾਂਗਰਸ ਅਤੇ ਦੂਜੀਆਂ ਪਾਰਟੀਆਂ ਸਮੇਤ ਅਕਾਲੀ ਮੈਂਬਰਾਂ ਵਲੋਂ ਲੋਕ ਸਭਾ ਵਿਚ ਕੰਮ ਰੋਕੂ ਮਤਾ ਪੇਸ਼
ਨਵੀਂ ਦਿੱਲੀ, 19 ਜੁਲਾਈ : ਖੇਤੀ ਕਾਨੂੰਨਾਂ ਵਿਰੁਧ ਪਿਛਲੇ 8 ਮਹੀਨਿਆਂ ਤੋਂ ਜਾਰੀ ਕਿਸਾਨੀ ਸੰਘਰਸ਼ ਦੀ ਗੂੰਜ ਸੰਸਦ ਤਕ ਸੁਣਾਈ ਦੇ ਰਹੀ ਹੈ | ਇਸ ਦੌਰਾਨ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਸੀਪੀਐਮ, ਆਰਐਲਪੀ, ਡੀਐੱਮਕੇ ਤੇ ਬਸਪਾ ਦੇ ਮੈਂਬਰਾਂ ਵਲੋਂ ਮਿਲ ਕੇ ਕੰਮ ਰੋਕੂ ਮਤਾ ਪੇਸ਼ ਕੀਤਾ ਗਿਆ |  ਕਾਂਗਰਸ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮਤਾ ਪੇਸ਼ ਕਰ ਕੇ ਕਿਸਾਨਾਂ ਦੇ ਮੁੱਦੇ 'ਤੇ ਚਰਚਾ ਕਰਨ ਦੀ ਮੰਗ ਕੀਤੀ | ਇਸ ਮਤੇ 'ਤੇ ਡੀਐੱਮਕੇ (ਟੀਆਰ ਬਾਲੂ), ਬਸਪਾ, ਸੀਪੀਐੱਮ ਤੇ ਆਰਐੱਲਪੀ (ਹਨੂੰਮਾਨ ਬੈਨੀਵਾਲ) ਦੇ ਆਗੂਆਂ ਦੇ ਹਸਤਾਖਰ ਸਨ | ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਵਿਰੁਧ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਹਰਸਿਮਰਤ ਕੌਰ ਬਾਦਲ ਨੇ ਵਖਰਾ ਕੰਮ-ਰੋਕੂ ਮਤਾ ਵੀ ਪੇਸ਼ ਕੀਤਾ |  (ਏਜੰਸੀ)