ਪੀਯੂਸ਼ ਗੋਇਲ ਬਣੇ ਰਾਜਸਭਾ ਵਿਚ ਸਦਨ ਦੇ ਨੇਤਾ : ਨਾਇਡੂ ਨੇ ਕੀਤਾ ਐਲਾਨ

ਏਜੰਸੀ

ਖ਼ਬਰਾਂ, ਪੰਜਾਬ

ਪੀਯੂਸ਼ ਗੋਇਲ ਬਣੇ ਰਾਜਸਭਾ ਵਿਚ ਸਦਨ ਦੇ ਨੇਤਾ : ਨਾਇਡੂ ਨੇ ਕੀਤਾ ਐਲਾਨ

image

ਮੁਖ਼ਤਾਰ ਅੱਬਾਸ ਨਕਵੀ ਉਪ ਨੇਤਾ ਨਿਯੁਕਤ

ਨਵੀਂ ਦਿੱਲੀ, 19 ਜੁਲਾਈ : ਰਾਜਸਭਾ ਵਿਚ ਸਭਾਪਤੀ ਐਮ ਵੈਂਕਈਆ ਨਾਇਡੂ ਨੇ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੂੰ ਉੱਚ ਸਦਨ ਦਾ ਨੇਤਾ ਨਿਯੁਕਤ ਕੀਤੇ ਜਾਣ ਦਾ ਐਲਾਨ ਕੀਤਾ। ਮਾਨਸੂਨ ਸਤਰ ਦੀ ਪਹਿਲੀ ਬੈਠਕ ਸ਼ੁਰੂ ਹੋਣ ਦੇ ਨਾਲ ਹੀ ਨਾਇਡੂ ਨੇ ਐਲਾਨ ਕੀਤਾ ਕਿ ਉਨ੍ਹਾਂ ਨੂੰ ਸੰਸਦੀ ਕਾਰਜ ਮੰਤਰੀ ਵਲੋਂ ਇਹ ਜਾਣਕਾਰੀ ਦਿਤੀ ਗਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਯੋਗ ਅਤੇ ਵਣਜ ਮੰਤਰੀ ਪੀਯੂਸ਼ ਗੋਇਲ ਨੂੰ ਰਾਜਸਭਾ ਵਿਚ ਸਦਨ ਦਾ ਨੇਤਾ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਹੈ। ਸਭਾਪਤੀ ਨੇ ਕਿਹਾ,‘‘ਮੈਨੂੰ ਨਿਜੀ ਤੌਰ ’ਤੇ ਲਗਦਾ ਹੈ ਕਿ ਉਨ੍ਹਾਂ ਦੇ ਵਿਆਪਕ ਸਿਆਸੀ ਅਤੇ ਪ੍ਰਸ਼ਾਸਨਿਕ ਤਜ਼ਰਬਿਆਂ ਨਾਲ ਸਦਨ ਨੂੰ ਲਾਭ ਮਿਲੇਗਾ ਅਤੇ ਉਹ ਸਦਨ ਦੇ ਨੇਤਾ ਦੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਉਣਗੇ। ਸਭਾਪਤੀ ਨੇ ਥਾਵਰਚੰਦ ਗਹਿਲੋਤ ਵਲੋਂ ਸਦਨ ਦੇ ਨੇਤਾ ਦੇ ਰੂਪ ਵਿਚ ਦਿਤੇ ਗਏ ਯੋਗਦਾਨ ਲਈ ਉਨ੍ਹਾਂ ਦਾ ਪੂਰੇ ਸਦਨ ਵਲੋਂ ਧਨਵਾਦ ਕੀਤਾ। ਜ਼ਿਕਰਯੋਗ ਹੈ ਕਿ ਗਹਿਲੋਤ ਨੂੰ ਹੁਣ ਕਰਨਾਟਕ ਦਾ ਰਾਜਪਾਲ ਬਣਾਇਆ ਗਿਆ ਹੈ।
  ਇਸ ਦੇ ਨਾਲ ਹੀ ਕੇਂਦਰੀ ਘੱਟ ਗਿਣਤੀ ਕਾਰਜ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੂੰ ਰਾਜਸਭਾ ਦਾ ਉਪ ਨੇਤਾ ਨਿਯੁਕਤ ਕੀਤਾ ਗਿਆ ਹੈ। ਮੰਨਿਆ ਜਾਂਦਾ ਹੈ ਕਿ ਭਾਜਪਾ ਦੇ ਸੀਨੀਅਰ ਆਗੂ ਨਕਵੀ ਸੰਸਦੀ ਮਾਮਲਿਆਂ ’ਤੇ ਚੰਗੀ ਪਕੜ ਰਖਦੇ ਹਨ। ਉਹ ਵੱਖ ਵੱਖ ਸਿਆਸੀ ਦਲਾਂ ਦੇ ਆਗੂਆਂ ਨਾਲ ਚੰਗੇ ਸਬੰਧਾਂ ਅਤੇ ਤਾਲਮੇਲ ਲਈ ਜਾਣੇ ਜਾਂਦੇ ਹਨ। (ਪੀਟੀਆਈ)