ਮੁੱਖ ਸਕੱਤਰ ਵੱਲੋਂ ਸੂਬੇ ਵਿੱਚ ਬਿਜਲੀ ਸਪਲਾਈ ਅਤੇ ਮੰਗ ਦੇ ਪਾੜੇ ਨੂੰ ਪੂਰਨ ਦੇ ਆਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਏਟੀਸੀ, ਟੀਟੀਸੀ ਨੂੰ 1500 ਮੈਗਾਵਾਟ ਤੱਕ ਵਧਾਉਣ ਲਈ ਕਿਹਾ

Vini Mahajan

ਚੰਡੀਗੜ੍ਹ : ਬਿਜਲੀ ਦੀ ਜ਼ਿਆਦਾ ਮੰਗ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਸਪਲਾਈ ਅਤੇ ਮੰਗ ਦੇ ਪਾੜੇ ਨੂੰ ਪੂਰਨ ਦੇ ਉਦੇਸ਼ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂਂ ਉਪਲਬਧ ਟਰਾਂਸਫਰ ਸਮਰੱਥਾ (ਏ.ਟੀ.ਸੀ.) ਅਤੇ ਕੁੱਲ ਟਰਾਂਸਫਰ ਸਮਰੱਥਾ (ਟੀ.ਟੀ.ਸੀ.) ਨੂੰ ਘੱਟੋ ਘੱਟ 1,500 ਮੈਗਾਵਾਟ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰ ਦੇ ਨਿਰੰਤਰ ਉਪਰਾਲਿਆਂ ਤਹਿਤ ਸੂਬੇ ਵਿੱਚ ਇਹ ਪਾੜਾ ਝੋਨੇ ਦੇ ਅਗਲੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਪੂਰ ਲਿਆ ਜਾਵੇਗਾ।

ਇਸ ਸਬੰਧੀ ਫੈਸਲਾ ਅੱਜ ਇਥੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ। ਇਸ ਪਹਿਲਕਦਮੀ ਨਾਲ ਲੋਡ ਦੀ ਵੱਧ ਰਹੀ ਮੰਗ ਦੌਰਾਨ ਸੂਬੇ ਵਿੱਚ ਖੇਤੀਬਾੜੀ, ਉਦਯੋਗ ਅਤੇ ਘਰੇਲੂ ਖੇਤਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਵਿਚ ਸਹਾਇਤਾ ਮਿਲੇਗੀ। ਪ੍ਰਬੰਧਕੀ ਸਕੱਤਰਾਂ ਨਾਲ ਮੌਜੂਦਾ ਬਿਜਲੀ ਸਪਲਾਈ ਅਤੇ ਮੰਗ ਦੀ ਸਮੀਖਿਆ ਕਰਦਿਆਂ ਮੁੱਖ ਸਕੱਤਰ ਨੇ ਸੂਬੇ ਵਿਚ ਮੌਜੂਦਾ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਲਈ ਸ਼ੁਰੂ ਕੀਤੇ ਉਪਰਾਲਿਆਂ ਦੇ ਹਿੱਸੇ ਵਜੋਂ ਬਿਜਲੀ ਵਿਭਾਗ ਨੂੰ ਏਟੀਸੀ ਅਤੇ ਟੀਟੀਸੀ ਸਮਰੱਥਾ ਨੂੰ ਪਹਿਲ ਦੇ ਅਧਾਰ 'ਤੇ ਵਧਾਉਣ ਅਤੇ ਖੇਤੀਬਾੜੀ, ਉਦਯੋਗ ਤੇ ਘਰੇਲੂ ਖੇਤਰਾਂ ਲਈ ਨਿਰਵਿਘਨ ਬਿਜਲੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਵਿਕਾਸ ਪ੍ਰਾਜੈਕਟਾਂ ਲਈ ਫੰਡਾਂ ਦੀ ਕੋਈ ਘਾਟ ਨਾ ਆਉਣ ਦੇਣ ਸਬੰਧੀ ਮੁੱਖ ਮੰਤਰੀ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਸ੍ਰੀਮਤੀ ਮਹਾਜਨ ਨੇ ਵਿੱਤ ਵਿਭਾਗ ਨੂੰ ਕਿਹਾ ਕਿ  ਪ੍ਰਾਜੈਕਟ ਲਾਗੂ ਕਰਨ ਵਾਲੇ ਵਿਭਾਗਾਂ ਨੂੰ ਜ਼ਰੂਰਤ ਅਨੁਸਾਰ ਫੰਡ ਜਾਰੀ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਹਨਾਂ ਉਮੀਦ ਜਤਾਈ ਕਿ ਕੁਆਲਿਟੀ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਾਜੈਕਟ ਨਿਰਧਾਰਤ ਮਾਪਦੰਡਾਂ ਅਨੁਸਾਰ ਸਮਾਂਬੱਧ ਢੰਗ ਨਾਲ ਮੁਕੰਮਲ ਕੀਤੇ ਜਾਣਗੇ। ਇਸ ਦੌਰਾਨ ਮੁੱਖ ਸਕੱਤਰ ਨੇ ਪਟਿਆਲਾ ਵਿੱਚ ਮਹਾਰਾਜਾ ਭੁਪਿੰਦਰਾ ਸਿੰਘ ਸਪੋਰਟਸ ਯੂਨੀਵਰਸਿਟੀ ਦੀ ਉਸਾਰੀ ਦਾ ਜਾਇਜ਼ਾ ਵੀ ਲਿਆ। ਇਸ ਦੇ ਨਾਲ ਹੀ ਉਹਨਾਂ ਨੇ ਹਲਵਾਰਾ ਹਵਾਈ ਅੱਡੇ ਦੇ ਸੰਚਾਲਨ, ਹੁਸ਼ਿਆਰਪੁਰ, ਕਪੂਰਥਲਾ, ਸੰਗਰੂਰ ਅਤੇ ਮੁਹਾਲੀ ਵਿੱਚ ਮੈਡੀਕਲ ਕਾਲਜ ਸਥਾਪਤ ਕਰਨ

ਗੋਇੰਦਵਾਲ ਸਾਹਿਬ ਵਿਖੇ ਨਵੀਂ ਜੇਲ੍ਹ ਦਾ ਨਿਰਮਾਣ; ਫਾਜ਼ਿਲਕਾ ਵਿੱਚ 100 ਬੈੱਡਾਂ ਦੀ ਸਮਰੱਥਾ ਵਾਲੇ ਹਸਪਤਾਲ ਦੀ ਉਸਾਰੀ; ਅੰਮ੍ਰਿਤਸਰ ਵਿਚ ਸਟੇਟ ਕੈਂਸਰ ਸੈਂਟਰ; ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਐਰੋਟਰੋਪੋਲਿਸ ਹਾਊਸਿੰਗ ਪ੍ਰਾਜੈਕਟ; ਕਾਜੌਲੀ ਵਾਟਰ ਵਰਕਸ ਵਿੱਚ 20-ਐਮਜੀਡੀ ਵਾਟਰ ਟ੍ਰੀਟਮੈਂਟ ਪਲਾਂਟ ਦਾ ਨਿਰਮਾਣ; ਸ਼ਾਹਪੁਰਕੰਡੀ ਡੈਮ ਪ੍ਰਾਜੈਕਟ 'ਤੇ ਚੱਲ ਰਹੇ ਕੰਮ; ਰਾਜਸਥਾਨ ਅਤੇ ਸਰਹਿੰਦ ਫੀਡਰ ਨਹਿਰਾਂ ਨੂੰ ਮੁੜ ਸਥਾਪਿਤ ਕਰਨ ਅਤੇ ਜਨਤਕ ਨਿਵੇਸ਼ ਪ੍ਰਬੰਧਨ ਕਮੇਟੀ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਭਾਗ ਵੱਲੋਂ ਚਲਾਏ ਜਾ ਰਹੇ ਹੋਰ ਵੱਡੇ ਪ੍ਰਾਜੈਕਟਾਂ ਦਾ ਜਾਇਜ਼ਾ ਵੀ ਲਿਆ।

ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਏ.ਸੀ.ਐੱਸ. ਪਾਵਰ ਅਨੁਰਾਗ ਅਗਰਵਾਲ, ਪ੍ਰਮੁੱਖ ਸਕੱਤਰ ਸਰਵਜੀਤ ਸਿੰਘ (ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ), ਵਿਕਾਸ ਪ੍ਰਤਾਪ (ਲੋਕ ਨਿਰਮਾਣ), ਅਲੋਕ ਸ਼ੇਖਰ (ਮੈਡੀਕਲ ਸਿੱਖਿਆ ਅਤੇ ਖੋਜ), ਜਸਪ੍ਰੀਤ ਤਲਵਾੜ (ਜਲ ਸਪਲਾਈ ਅਤੇ ਸੈਨੀਟੇਸ਼ਨ), ਹੁਸਨ ਲਾਲ (ਸਿਹਤ ਅਤੇ ਪਰਿਵਾਰ ਭਲਾਈ), ਅਜੋਏ ਕੁਮਾਰ ਸਿਨਹਾ (ਸਥਾਨਕ ਸਰਕਾਰਾਂ) ਅਤੇ ਰਾਜ ਕਮਲ ਚੌਧਰੀ (ਖੇਡਾਂ ਅਤੇ ਯੁਵਕ ਸੇਵਾਵਾਂ) ਵੀ ਮੌਜੂਦ ਸਨ।