ਮੁੰਬਈ ’ਚ ਮੀਂਹ ਨੇ ਮੁੜ ਫੜੀ ਰਫ਼ਤਾਰ, ਰੇਲ ਸੇਵਾ ਪ੍ਰਭਾਵਤ
ਮੁੰਬਈ ’ਚ ਮੀਂਹ ਨੇ ਮੁੜ ਫੜੀ ਰਫ਼ਤਾਰ, ਰੇਲ ਸੇਵਾ ਪ੍ਰਭਾਵਤ
ਮੁੰਬਈ, 19 ਜੁਲਾਈ : ਮੁੰਬਈ ਵਿਚ ਸੋਮਵਾਰ ਸਵੇਰੇ ਲੋਕਾਂ ਨੂੰ ਭਾਰੀ ਮੀਂਹ ਤੋਂ ਥੋੜ੍ਹੀ ਦੇਰ ਲਈ ਰਾਹਤ ਮਿਲਣ ਤੋਂ ਬਾਅਦ ਇਕ ਵਾਰ ਫਿਰ ਮੀਂਹ ਨੇ ਰਫ਼ਤਾਰ ਫੜ ਲਈ ਅਤੇ ਇਸ ਦੇ ਨਾਲ ਹੀ ਕੁੱਝ ਸਥਾਨਾਂ ’ਤੇ ਲੋਕਲ ਰੇਲ ਸੇਵਾ ਪ੍ਰਭਾਵਤ ਹੋਈ। ਭਾਰੀ ਮੀਂਹ ਕਾਰਨ ਹੋਏ ਹਾਦਸਿਆਂ ਵਿਚ ਐਤਵਾਰ ਨੂੰ ਮੁੰਬਈ ਵਿਚ 30 ਲੋਕਾਂ ਦੀਦ ਮੌਤ ਹੋ ਗਈ ਸੀ। ਮੁੰਬਈ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਕਿਹਾ ਕਿ ਸੋਮਵਾਰ ਨੂੰ ਹਾਦਸੇ ਵਿਚ ਕਿਸੇ ਦੀ ਜਾਨ ਜਾਣ ਦੀ ਖ਼ਬਰ ਨਹੀਂ ਹੈ। ਸ਼ਹਿਰ ਵਿਚ ਤੇਜ਼ ਮੀਂਹ ਤੋਂ ਥੋੜ੍ਹੀ ਜਿਹੀ ਰਾਹਤ ਮਿਲਣ ਤੋਂ ਕੁੱਝ ਦੇਰ ਬਾਅਦ ਹੀ ਮੁੜ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਕੁੱਝ ਇਲਾਕਿਆਂ ਵਿਚ ਪਾਣੀ ਭਰ ਗਿਆ। ਮੁੰਬਈ ਤੋਂ 130 ਕਿਲੋਮੀਟਰ ਦੂਰ ਕਸਾਰਾ ਘਾਟ ਖੰਡ ਵਿਚ ਸੋਮਵਾਰ ਤੜਕੇ ਤਿੰਨ ਰੇਲ ਲਾਈਨਾਂ ’ਚੋਂ ਇਕ ਜ਼ਮੀਨ ਵਿਚ ਧੱਸ ਗਈ। ਪਿਛਲੇ 24 ਘੰਟਿਆਂ ਦੌਰਾਨ ਮੁੰਬਈ ਦੇ ਉਪ ਨਗਰਾਂ ਵਿਚ ਸੱਭ ਤੋਂ ਵੱਧ 90.65 ਮਿਲੀਮੀਟਰ ਮੀਂਹ ਪਿਆ। ਭਾਰਤੀ ਮੌਸਮ ਵਿਭਾਗ ਨੇ ਇਸ ਤੋਂ ਪਹਿਲਾਂ ਸੋਮਵਾਰ ਨੂੰ ਮੁੰਬਈ ਲਈ ਆਰੇਂਜ ਅਲਰਟ ਜਾਰੀ ਕੀਤਾ ਸੀ। (ਪੀਟੀਆਈ)