ਸਿੱਧੂ ਦੀ 'ਪੰਚ ਪ੍ਰਧਾਨੀ' ਭਲਕੇ ਜਾਵੇਗੀ ਸ੍ਰੀ ਦਰਬਾਰ ਸਾਹਿਬ

ਏਜੰਸੀ

ਖ਼ਬਰਾਂ, ਪੰਜਾਬ

ਸਿੱਧੂ ਦੀ 'ਪੰਚ ਪ੍ਰਧਾਨੀ' ਭਲਕੇ ਜਾਵੇਗੀ ਸ੍ਰੀ ਦਰਬਾਰ ਸਾਹਿਬ

image

ਦੋਵੇਂ ਪਾਸਿਉਂ ਸ਼ਕਤੀ ਪ੍ਰਦਰਸ਼ਨ ਸ਼ੁਰੂ

ਚੰਡੀਗੜ੍ਹ, 19 ਜੁਲਾਈ (ਜੀ.ਸੀ. ਭਾਰਦਵਾਜ): ਬੀਤੀ ਰਾਤ ਨਵਜੋਤ ਸਿੱਧੂ ਤੇ ਉਸ ਨਾਲ 4 ਵਰਕਿੰਗ ਪ੍ਰਧਾਨ, ਹਾਈਕਮਾਂਡ ਵਲੋਂ ਨਿਯੁਕਤ ਕਰਨ ਉਪਰੰਤ ਰਾਜਧਾਨੀ ਚੰਡੀਗੜ੍ਹ ਤੇ ਸਾਰੇ ਪੰਜਾਬ ਵਿਚ ਕਾਂਗਰਸੀ ਵਰਕਰਾਂ, ਵਿਧਾਇਕਾਂ, ਮੰਤਰੀਆਂ, ਪਾਰਟੀ ਅਹੁਦੇਦਾਰਾਂ ਵਿਚ ਕੈਪਟਨ ਖੇਮੇ ਤੇ ਸਿੱਧੂ ਖੇਮੇ ਵਿਚ ਲਕੀਰ ਖਿੱਚਣ ਦਾ ਕੰਮ ਤੇ 'ਸ਼ਕਤੀ ਪ੍ਰਦਰਸ਼ਨ' ਦੇ ਛੋਟੇ ਵੱਡੇ ਇਕੱਠ, ਲੰਚ, ਡਿਨਰ ਪਾਰਟੀਆਂ ਸ਼ੁਰੂ ਹੋ ਗਈਆਂ ਹਨ |
ਨਵਜੋਤ ਸਿੱਧੂ ਖੇਮੇ ਤੋਂ ਮਿਲੀ ਸੂਚਨਾ ਮੁਤਾਬਕ ਭਲਕੇ ਇਹ 'ਪੰਚ ਪ੍ਰਧਾਨੀ ਗਰੁਪ' 10 ਦੇ ਕਰੀਬ ਮੰਤਰੀ, ਜਾਖੜ ਅਤੇ 30 ਤੋਂ ਵੱਧ ਵਿਧਾਇਕ ਤੇ ਹੋਰ ਨੇਤਾ ਅੰਮਿ੍ਤਸਰ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਰ ਮੱਥਾ ਟੇਕ ਕੇ ਸੂਬੇ ਅੰਦਰ ਵਿਧਾਨ ਸਭਾ ਹਲਕਿਆਂ ਵਿਚ ਮੇਲ ਮਿਲਾਪ ਤੇ ਛੋਟੇ ਵੱਡੇ ਇਕੱਠ ਕਰਨ ਦਾ ਸਿਲਸਿਲਾ ਸ਼ੁਰੂ ਕਰਨਗੇ | ਕਾਂਗਰਸ ਭਵਨ ਦੇ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ  ਦਸਿਆ ਕਿ ਆਉਂਦੇ ਸ਼ੁਕਰਵਾਰ ਜਾਂ ਸਨਿਚਰਵਾਰ ਤਕ ਇਹ ਪੰਚ ਪ੍ਰਧਾਨ ਰਾਜਧਾਨੀ ਦੇ ਕਾਂਗਰਸ ਭਵਨ ਵਿਚ ਅਪਣਾ ਚਾਰਜ ਸੰਭਾਲ ਲੈਣਗੇ | ਚਾਰਜ ਸੰਭਾਲਣ ਮੌਕੇ ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਹੋ ਸਕਦਾ ਹੈ ਹਾਈਕਮਾਂਡ ਤੋਂ ਰਾਹੁਲ ਗਾਂਧੀ ਜਾਂ ਪਿ੍ਯੰਕਾ ਨੂੰ  ਬੁਲਾਇਆ ਜਾਵੇ | ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਬਹੁਤੇ ਮੰਤਰੀ ਸਾਥੀ ਅਗਲੀ ਰਣਨੀਤੀ ਉਲੀਕਣ ਦੇ ਰੋਅ ਵਿਚ ਹਨ ਕਿਉਂਕਿ ਮੁੱਖ ਮੰਤਰੀ ਦੀ ਮੰਗ ਕਿ ਸਿੱਧੂ ਅਪਣੇ ਟਵੀਟਾਂ ਰਾਹੀਂ ਕੌੜੇ ਮਿੱਠੇ ਖੱਟੇ ਵਿਚਾਰ ਤੇ ਆਲੋਚਨਾ ਬਦਲੇ ਮਾਫ਼ੀ ਮੰਗੇ, ਅਜੇ ਤਕ ਸਿੱਧੂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿਤਾ | ਅਪਣੇ ਅੰਦਾਜ਼ ਵਿਚ ਸਿੱਧੂ ਨੇ ਤਾਂ ਸੰਗਤ ਸਿੰਘ ਗਿਲਜੀਆਂ ਨੂੰ  ਇਥੋਂ ਤਕ ਕਹਿ ਦਿਤਾ ਕਿ ਜਦੋਂ ਉਹ ਮੁੱਖ ਮੰਤਰੀ ਬਣੇ ਤਾਂ ਗਿਲਜੀਆਂ ਨੂੰ  ਪਹਿਲਾਂ ਮੰਤਰੀ ਬਣਾਵਾਂਗੇ | ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੇ ਅਪਣੇ ਫ਼ਾਰਮ ਹਾਊਸ ਤੇ ਦੁਪਹਿਰ ਦਾ ਖਾਣਾ, ਪਰਸੋਂ 21 ਜੁਲਾਈ ਨੂੰ  ਰਖਿਆ ਹੈ ਜਿਸ ਵਿਚ 40 ਤੋਂ ਵੱਧ ਵਿਧਾਇਕ ਤੇ 10 ਤੋਂ ਵੱਧ ਮੰਤਰੀ ਤੇ ਹੋਰ ਸੀਨੀਅਰ ਲੀਡਰ ਆਉਣਗੇ | ਸਿਆਸੀ ਮਾਹਰਾਂ ਦੀ ਰਾਏ ਹੈ ਕਿ ਪਿਛਲੇ 6 ਮਹੀਨੇ ਤੋਂ ਪੰਜਾਬ ਕਾਂਗਰਸ ਵਿਚ ਪਈ ਤਰੇੜ ਹੁਣ ਖਾਈ ਤਾਂ ਬਣ ਚੁੱਕੀ ਹੈ, ਸਿੱਧੀ ਦੋ ਫਾੜ ਹੋਈ ਪਾਰਟੀ ਵਿਚ ਇਹ ਫੁੱਟ, ਆਉਂਦੀਆਂ ਚੋਣਾਂ ਵਿਚ ਨੁਕਸਾਨ ਤਾਂ ਕਰੇਗੀ, ਉਲਟਾ ਅਗਲੇ ਮੁੱਖ ਮੰਤਰੀ ਅਹੁਦੇ ਲਈ ਦੋ ਚਿਹਰੇ ਯਾਨੀ ਕੈਪਟਨ ਤੇ ਸਿੱਧੂ ਲੋਕਾਂ ਤੇ ਵੋਟਰਾਂ ਵਿਚ ਵੀ ਵੰਡੀਆਂ ਪਾ ਦੇਣਗੇ |