ਮੀਂਹ ਨਾਲ ਨਜਿੱਠਣ ਲਈ ਕਿਥੇ ਖ਼ਰਚ ਹੋਏ ਕਰੋੜਾਂ ਰੁਪਏ? ਜਾਂਚ ਕਰਵਾਉ : ਸ਼ੈਲਜਾ

ਏਜੰਸੀ

ਖ਼ਬਰਾਂ, ਪੰਜਾਬ

ਮੀਂਹ ਨਾਲ ਨਜਿੱਠਣ ਲਈ ਕਿਥੇ ਖ਼ਰਚ ਹੋਏ ਕਰੋੜਾਂ ਰੁਪਏ? ਜਾਂਚ ਕਰਵਾਉ : ਸ਼ੈਲਜਾ

image

ਚੰਡੀਗੜ੍ਹ, 19 ਜੁਲਾਈ (ਸੁਰਜੀਤ ਸਿੰਘ ਸੱਤੀ): ਹਰਿਆਣਾ ਪ੍ਰਦੇਸ਼ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਮਾਨਸੂਨ ਦੀ ਪਹਿਲੀ ਬਾਰਿਸ਼ ਸਰਕਾਰ ਅਤੇ ਪ੍ਰਸ਼ਾਸਨ ਦੇ ਤਮਾਮ ਦਾਅਵਿਆਂ, ਪ੍ਰਬੰਧਾਂ ਨੂੰ  ਹੜਾਅ ਕੇ ਲੈ ਗਈ | ਹੜ੍ਹ ਪ੍ਰਬੰਧਾਂ ਅਤੇ ਪਾਣੀ ਨਿਕਾਸੀ ਦੇ ਇੰਤਜ਼ਾਮਾਂ ਉਤੇ ਕਰੋੜਾਂ ਰੁਪਏ ਅਖ਼ੀਰ ਕਿਥੇ ਖ਼ਰਚ ਕੀਤੇ ਗਏ? ਇਸ ਖ਼ਰਚ ਵਿਚ ਘਪਲੇ ਦੀ ਬਦਬੂ ਆ ਰਹੀ ਹੈ, ਉੱਚ ਪੱਧਰ ਜਾਂਚ ਕਰਵਾਈ ਜਾਣੀ ਚਾਹੀਦੀ ਹੈ | ਕੁਮਾਰੀ ਸ਼ੈਲਜਾ ਨੇ ਅੱਜ ਇਥੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਸੜਕਾਂ, ਗਲੀਆਂ, ਅੰਡਰਪਾਸਾਂ ਵਿਚ ਕਈ- ਕਈ ਫੁੱਟ ਜਮ੍ਹਾਂ ਪਾਣੀ ਆਪ ਪ੍ਰਮਾਣ ਦੇ ਰਿਹਾ ਹੈ ਕਿ ਕਿਤੇ ਵੀ ਪਾਣੀ ਨਿਕਾਸੀ ਦੇ ਢੁਕਵੇਂ ਇੰਤਜ਼ਾਮ ਨਹੀਂ ਹੋਏ | ਹਰ ਸ਼ਹਿਰ ਵਿਚ ਜਲ ਭਰਾਅ, ਟੁਟੀਆਂ ਸੜਕਾਂ ਉਤੇ ਲੰਮੇ ਜਾਮ ਵੇਖੇ ਜਾ ਸਕਦੇ ਹਨ | ਕੰਮ ਦੀ ਬਜਾਏ ਦਾਅਵਿਆਂ ਉਤੇ ਨਿਰਭਰ ਰਹਿਣ ਵਾਲੀ ਗਠਜੋੜ ਸਰਕਾਰ ਨੂੰ  ਚੁੱਲੂ ਭਰ ਪਾਣੀ ਵਿਚ ਡੁੱਬ ਜਾਣਾ ਚਾਹੀਦਾ ਹੈ | ਕਿਸੇ ਸ਼ਹਿਰ, ਕਸਬੇ ਵਿਚ ਨਾਲਿਆਂ, ਸੀਵਰ ਉਤੇ ਕੰਮ ਹੋਇਆ ਵਿਖਾਈ ਨਹੀਂ ਦੇ ਰਿਹਾ | ਸਰਕਾਰ ਤਿੰਨ ਮਹੀਨਿਆਂ ਤੋਂ ਸਫ਼ਾਈ ਦਾ ਢਿੰਡੋਰਾ ਪਿੱਟ ਰਹੀ ਸੀ, ਕਰੋੜਾਂ ਰੁਪਏ ਖ਼ਰਚ ਕਰਨ ਦੀ ਗੱਲ ਕਹੀ ਜਾ ਰਹੀ ਸੀ | ਹਰ ਨਗਰ ਨਿਗਮ, ਪ੍ਰੀਸ਼ਦ ਨੇ ਨਗਰ, ਕਸਬਿਆਂ ਨੂੰ  ਹੜ੍ਹ, ਜਲ ਭਰਾਅ, ਸੀਵਰ ਜਾਮ ਤੋਂ ਬਚਾਉਣ ਲਈ ਵੱਧ- ਚੜ੍ਹ ਕੇ ਦਾਅਵੇ ਕੀਤੇ ਸਨ ਪ੍ਰੰਤੂ ਸੋਮਵਾਰ ਤੜਕੇ ਤੋਂ ਸ਼ੁਰੂ ਹੋਈ ਬਾਰਸ਼ ਅਜਿਹਾ ਸੈਲਾਬ ਲਿਆਈ ਜੋ ਸਾਰੇ ਦਾਅਵਿਆਂ, ਪ੍ਰਬੰਧਾਂ ਨੂੰ  ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਵਹਾਅ ਕੇ ਲੈ ਗਿਆ | 
ਹਰ ਸ਼ਹਿਰ ਵਿਚ ਪ੍ਰੇਸ਼ਾਨੀਆਂ ਨਾਲ ਘਿਰੇ ਲੋਕ ਸਰਕਾਰ ਨੂੰ  ਕੋਸਦੇ ਨਜ਼ਰ ਆਏ | ਸਰਕਾਰੀ ਜੁਮਲਿਆਂ, ਦਾਅਵਿਆਂ ਤੋਂ ਜ਼ਮੀਨ ਉਤੇ ਵਾਪਸ ਆਏ ਅਤੇ ਜਾਂਚ ਕਰਵਾਏ ਕਿ ਕਿਥੇ ਕਮੀ ਰਹੀ, ਪ੍ਰਬੰਧਾਂ ਦੇ ਨਾਮ ਉਤੇ ਕੌਣ ਪੈਸਾ ਡਕਾਰ ਗਿਆ? ਉਸ ਦਾ ਭਾਂਡਾ ਫੋੜ ਕੀਤਾ ਜਾਵੇ | ਜਨਤਾ ਦੇ ਜੀਵਨ ਨਾਲ ਖਿਲਵਾੜ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ |