ਮਹਿੰਗਾਈ ਨੂੰ ਲੈ ਕੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਵਲੋਂ ਸਦਨ ਦੇ ਬਾਹਰ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਪੰਜਾਬ

ਮਹਿੰਗਾਈ ਨੂੰ ਲੈ ਕੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਵਲੋਂ ਸਦਨ ਦੇ ਬਾਹਰ ਪ੍ਰਦਰਸ਼ਨ

image

ਨਵੀਂ ਦਿੱਲੀ, 19 ਜੁਲਾਈ : ਰਾਹੁਲ ਗਾਂਧੀ ਸਮੇਤ ਕਾਂਗਰਸ ਅਤੇ ਹੋਰ ਸਹਿਯੋਗੀ ਪਾਰਟੀਆਂ ਦੇ ਆਗੂਆਂ ਵਲੋਂ ਵਧ ਰਹੀ ਮਹਿੰਗਾਈ ਦੇ ਵਿਰੋਧ ਵਿਚ ਸੰਸਦ ਭਵਨ ਕੰਪਲੈਕਸ ’ਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜ਼ਰੂਰੀ ਭੋਜਨ ਖਾਣ-ਪੀਣ ਦੀਆਂ ਚੀਜ਼ਾਂ ’ਤੇ ਜੀਐਸਟੀ ਲਗਾਉਣ ਦੇ ਚਲਦੇ ਮੰਗਲਵਾਰ ਨੂੰ ਧਰਨਾ ਦਿਤਾ ਗਿਆ।
ਦਸਣਯੋਗ ਹੈ ਕਿ ਜੀਐਸਟੀ ਦੇ ਦਾਇਰੇ ਵਿਚ ਆਉਣ ਕਾਰਨ ਆਟੇ ਸਮੇਤ ਕਈ ਜ਼ਰੂਰੀ ਭੋਜਨ ਪਦਾਰਥ ਅਤੇ ਡੱਬਾ ਬੰਦ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ। ਧਰਨੇ ਦੌਰਾਨ ਇਨ੍ਹਾਂ ਨੇ ਅਪਣੇ ਹੱਥ ਵਿਚ ਇਕ ਬੈਨਰ ਵੀ ਚੁੱਕਿਆ ਹੋਇਆ ਸੀ ਜਿਸ ’ਤੇ ਗੈਸ ਸਿਲੰਡਰ ਦੀ ਤਸਵੀਰ ਸੀ ਅਤੇ ਲਿਖਿਆ ਸੀ, ‘‘ਮਹਿੰਗਾਈ ਵਧਣ ਕਾਰਨ ਆਮ ਨਾਗਰਿਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਿਹਾ ਹੈ, ਉਹ ਕਿਵੇਂ ਜੀਣਗੇ?’’
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਇਲਾਵਾ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ, ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਸੁਪਿ੍ਰਆ ਸੁਲੇ, ਸ਼ਿਵ ਸੈਨਾ ਦੀ ਸੰਸਦ ਮੈਂਬਰ ਪਿ੍ਰਅੰਕਾ ਚਤੁਰਵੇਦੀ ਅਤੇ ਕਈ ਹੋਰ ਵਿਰੋਧੀ ਧਿਰਾਂ ਦੇ ਸਾਂਸਦ ਇਸ ਧਰਨੇ ਵਿਚ ਸ਼ਾਮਲ ਹੋਏ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ‘ਦੁਧ ਅਤੇ ਦਹੀਂ ’ਤੇ ਜੀਐਸਟੀ ਵਾਪਸ ਲਓ’ ਦੇ ਨਾਹਰੇ ਵੀ ਲਗਾਏ। ਜੀਐਸਟੀ ਕੌਂਸਲ ਦੇ ਫ਼ੈਸਲੇ ਦੇ ਲਾਗੂ ਹੋਣ ਤੋਂ ਬਾਅਦ ਸੋਮਵਾਰ ਤੋਂ ਕਈ ਖਾਣ-ਪੀਣ ਦੀਆਂ ਵਸਤੂਆਂ ਮਹਿੰਗੀਆਂ ਹੋ ਗਈਆਂ ਹਨ। ਇਨ੍ਹਾਂ ਵਿਚ ਆਟਾ, ਪਨੀਰ ਅਤੇ ਦਹੀ ਵਰਗੀਆਂ ਪ੍ਰੀ-ਪੈਕ ਕੀਤੀਆਂ ਅਤੇ ਲੇਬਲ ਵਾਲੀਆਂ ਖਾਣ-ਪੀਣ ਵਾਲੀਆਂ ਵਸਤੂਆਂ ਸ਼ਾਮਲ ਹਨ, ਜਿਨ੍ਹਾਂ ’ਤੇ 5% ਜੀ.ਐਸ.ਟੀ. ਲਾਗੂ ਕਰ ਦਿਤਾ ਗਿਆ ਹੈ।    (ਏਜੰਸੀ)