Amritpal Singh News: ਐਮ.ਪੀ. ਅੰਮ੍ਰਿਤਪਾਲ ਸਿੰਘ ਨੇ ਆਪਣੇ ‘ਤੇ ਲੱਗੇ NSA ਨੂੰ ਦਿਤੀ ਚੁਨੌਤੀ
Amritpal Singh News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਕੀਤੀ ਦਾਖ਼ਲ
MP Amritpal Singh challenged the NSA on him : ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਉਨ੍ਹਾਂ ’ਤੇ ਲੱਗੇ ਐਨਐਸਏ ਨੂੰ ਚੁਨੌਤੀ ਦੇ ਦਿਤੀ ਹੈ। ਇਸ ਮਾਮਲੇ ਦੀ ਸੁਣਵਾਈ ਅਗਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ। ਐਡਵੋਕੇਟ ਆਰਐਸ ਬੈਂਸ ਰਾਹੀਂ ਤਿਆਰ ਪਟੀਸ਼ਨ ਵਿਚ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਹੁਣ ਉਨ੍ਹਾਂ ’ਤੇ ਐਨਐਸਏ ਰਾਜਸੀ ਲਾਗ ਡਾਟ ਕਾਰਨ ਲਗਾਇਆ ਗਿਆ ਹੈ।
ਇਸ ਐਨਐਸਏ ਦੇ ਪਿੱਛੇ ਉਹ ਕਾਰਨ ਹੀ ਨਹੀਂ ਹਨ, ਜਿਨ੍ਹਾਂ ਕਾਰਨਾਂ ਕਰ ਕੇ ਐਨਐਸਏ ਲਗਾਇਆ ਜਾਂਦਾ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਉਸ ਵਿਰੁਧ ਐਨਐਸਏ ਚੋਣ ਨਤੀਜੇ ਤੋਂ ਠੀਕ ਇਕ ਦਿਨ ਪਹਿਲਾਂ ਪੱਕਾ ਕੀਤਾ ਗਿਆ ਤਾਂ ਜੋ ਸਰਕਾਰ ਇਹ ਦਲੀਲ ਲੈ ਸਕੇ ਕਿ ਉਸ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਅੰਮ੍ਰਿਤਪਾਲ ਸਿੰਘ ਐਮਪੀ ਚੁਣਿਆ ਗਿਆ।
ਪਟੀਸ਼ਨ ਵਿਚ ਐਨਐਸਏ ਨੂੰ ਗ਼ਲਤ ਕਰਾਰ ਦਿੰਦਿਆਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਲੋਂ ਹਿਰਾਸਤ ਵਿਚ ਲੈਣ ਦੇ ਹੁਕਮ, ਇਸ ਦੀ ਪ੍ਰਵਾਨਗੀ ਦੇ ਹੁਕਮ ਅਤੇ ਐਨਐਸਏ ਨੂੰ ਪੱਕਾ ਕਰਨ ਦੇ ਹੁਕਮ ਨੂੰ ਰੱਦ ਕਰਨ ਤੇ ਇਨ੍ਹਾਂ ਹੁਕਮਾਂ ਨਾਲ ਹੋਈਆਂ ਅਗਲੇਰੀਆਂ ਕਾਰਵਾਈਆਂ ਵੀ ਰੱਦ ਕਰ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਅਜਨਾਲਾ ਥਾਣੇ ਦੇ ਬਾਹਰ ਹਿੰਸਾ ਉਪਰੰਤ ਅੰਮ੍ਰਿਤਪਾਲ ਵਿਰੁਧ ਤਿੰਨ ਮਾਮਲੇ ਦਰਜ ਕੀਤੇ ਗਏ ਸੀ ਤੇ ਬਾਅਦ ਹਿਰਾਸਤ ਵਿਚ ਲੈ ਕੇ ਐਨਐਸਏ ਲਗਾ ਕੇ ਦਿਬੜੂਗੜ੍ਹ ਜੇਲ ਭੇਜ ਦਿਤਾ ਗਿਆ ਸੀ। ਇਕ ਸਾਲ ਮੁਕੰਮਲ ਹੋਣ ਮਗਰੋਂ ਨਵਾਂ ਐਨਐਸਏ ਲਗਾ ਦਿਤਾ ਗਿਆ ਸੀ ਤੇ ਇਸ ਨੂੰ 12 ਮਹੀਨਿਆਂ ਲਈ ਪੱਕਾ ਕਰ ਦਿਤਾ ਗਿਆ।