ਉੱਚ ਸੱਤਾਧਾਰੀਆਂ ਦੇ ਦਬਾਅ ਹੇਠ, ਸੌਦਾ ਸਾਧ ਨੂੂੰ ਮਾਫ਼ੀ ਦਵਾਉਣ ’ਚ ਮੋਹਰੀ ਰਹੇ ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ ਵਿਰੁਧ ਉਭਰ ਰਿਹੈ ਤਿੱਖਾ ਰੋਹ
ਜਥੇਦਾਰ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਸਾਰਾ ਸੱਚ ਬੋਲ ਦਿਤਾ ਸੀ ਜੋ ਕਮਿਸ਼ਨ ਦੀ ਰਿਪੋਰਟ ਵਿਚ ਦਰਜ ਹੈ
Punjab News : ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਦਾ ਕੇਂਦਰੀ ਸੰਸਥਾ ਵਾਲੀ ਭੂਮਿਕਾ ਅਤੇ ਆਨ ਸ਼ਾਨ ਰਹੀ ਹੈ ਜਦ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਪੰਥ ਦੇ ਸਿਧਾਂਤ ਨਾਲ ਜੁੜੀ ਪੰਥਕ ਲੀਡਰਸ਼ਿਪ ਇਕ ਮਿਸ਼ਨ ਨਾਲ ਸੇਵਾ ਸੰਭਾਲ ਦਾ ਮੁਕਦਸ ਕਾਰਜ ਕਰ ਰਹੀ ਸੀ ਪਰ ਗ਼ੈਰ ਸਿਧਾਂਤਕ ਅਤੇ ਲਾਲਚ ਪ੍ਰਸਤ ਸ਼ਖ਼ਸੀਅਤਾਂ ਦੇ ਆਉਣ ਨਾਲ ਜੋ ਹਲਾਤ ਹੁਣ ਬਣੇ ਹਨ, ਇਸ ਨਾਲ ਸਿੱਖ ਕੌਮ ਦੇ ਸ਼ਾਨਦਾਰ ਅਮੀਰ ਵਿਰਸੇ ਨੂੰ ਨਮੋਸ਼ੀਜਨਕ ਹਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਜ਼ਿੰਮੇਵਾਰ ਸਾਬਕਾ ਸੱਤਾਧਾਰੀ ਅਤੇ ਸੇਵਾਮੁਕਤ ਹੋ ਚੁਕੀਆਂ ਗਿ ਗੁਰਬਚਨ ਸਿੰਘ ਵਰਗੀਆਂ ਸ਼ਖ਼ਸੀਅਤਾਂ ਹਨ, ਜਿਨ੍ਹਾਂ ਨਿਜੀ ਮੁਫਾਦ ਲਈ ਕੌਮ ਦਾ ਅਕਸ ਬੜੀ ਬੁਰੀ ਤਰ੍ਹਾਂ ਵਿਗਾੜ ਦਿਤਾ।
ਪੰਥਕ ਮਾਹਰਾਂ ਮੁਤਾਬਕ ਉਹ ਉੱਚ ਸੱਤਾਧਾਰੀਆਂ ਦੇ ਪ੍ਰਭਾਵ ਹੇਠ ਆਉਣ ਉਪਰੰਤ ਮੋਹਰੀ ਹੋ ਕੇ ਸਿੱਖ ਸਿਧਾਂਤ ਦੀਆਂ ਧਜੀਆਂ ਉਡਾਈਆਂ ਅਤੇ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਪ੍ਰਵਾਰ ਦੀ ਸਰਕਾਰੀ ਕੋਠੀ ’ਚ ਦੋ ਹੋਰ ਤਖ਼ਤਾਂ ਦੇ ਜਥੇਦਾਰਾਂ ਨੂੰ ਲੈ ਗਏ। ਉੱਥੇ ਹੁਕਮਰਾਨਾ ਨੇ ਸਿੱਖ ਪ੍ਰੰਪਰਾਵਾਂ ਦੇ ਉਲਟ ਆਦੇਸ਼ ਦਿਤਾ ਕਿ ਉਹ ਅੰਮ੍ਰਿਤਸਰ ਅਕਾਲ ਤਖ਼ਤ ਸਾਹਿਬ ਪਹੁੰਚਣ ਉਪਰੰਤ ਸੌਦਾ-ਸਾਧ ਨੂੰ ਮਾਫ਼ੀ ਦੇਣ ਦਾ ਹੁਕਮ ਜਾਰੀ ਕਰਨ।
ਸਾਬਕਾ ਜਥੇਦਾਰ ਗੁਰਬਚਨ ਸਿੰਘ ਨੇ ਵਿਰੋਧਤਾ ਕਰਨ ਦੀ ਥਾਂ ਸੌਦਾ-ਸਾਧ ਨੂੂੰ ਬਰੀ ਕਰ ਦਿਤਾ ਜਿਸ ਨਾਲ ਕੌਮ ’ਚ ਸੁਨਾਮੀ ਆ ਗਈ। ਉਪਰੰਤ ਸਿੱਖਾਂ ਦੇ ਤੂਫ਼ਾਨ ਰੂਪੀ ਰੋਹ ਅੱਗੇ ਗੋਡੇ ਟੇਕਣੇ ਪਏ। ਇਸ ਸਬੰਧੀ ਉਸ ਸਮੇਂ ਦੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿ. ਗੁਰਮੁੱਖ ਸਿੰਘ ਨੇ ਪਰਦਾਫਾਸ਼ ਕਰਦਿਆਂ ਕਿਹਾ ਕਿ ਮੈਨੂੰ ਬਾਦਲਾਂ ਦੀ ਕੋਠੀ ਧੱਕੇ ਨਾਲ ਗਿ ਗੁਰਬਚਨ ਸਿੰਘ ਲੈ ਕੇ ਗਏ ਅਤੇ ਸੌਦਾ-ਸਾਧ ਨੂੰ ਮਾਫ਼ੀ ਦਵਾਈ ਗਈ। ਬਾਅਦ ਵਿਚ ਭਾਵੇਂ ਗੁਰਮੁਖ ਸਿੰਘ ਨੇ ਬਾਦਲਾਂ ਨਾਲ ਸਮਝੌਤਾ ਕਰ ਲਿਆ ਪਰ ਉਹ ਅੰਦਰਲਾ ਗੁਪਤ ਰਾਜ ਜ਼ਰੂਰ ਜਨਤਕ ਕਰ ਗਏ ਅਤੇ ਕੈਪਟਨ ਸਰਕਾਰ ਵਲੋ, ਸਥਾਪਿਤ ਕੀਤੇ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਉਨ੍ਹਾਂ ਦੇ ਭਰਾ ਹਿੰਮਤ ਸਿੰਘ ਨੇ ਹਿੰਮਤ ਕਰ ਕੇ ਲਿਖਤੀ ਬਿਆਨ ਵੀ ਦੇ ਦਿਤਾ।
ਉਸ ਵਿਚ ਸਪੱਸ਼ਟ ਦੋਸ਼ ਬਾਦਲਾਂ ਤੇ ਲਾਏ ਗਏ ਅਤੇ ਵਰਨਣ ਕੀਤਾ ਗਿਆ ਕਿ ਜਥੇਦਾਰ ਗੁਰਮੁਖ ਸਿੰਘ, ਗਿ ਗੁਰਬਚਨ ਸਿੰਘ ਦੀ ਇਨੋਵਾ ਕਾਰ ਤੇ ਚੰਡੀਗੜ੍ਹ ਗਏ ਸਨ। ਇਸ ਦਾ ਵਿਸਥਾਰ ਨਾਲ ਜਸਟਿਸ ਰਣਜੀਤ ਸਿੰਘ ਨੇ ਜ਼ਿਕਰ ਅਪਣੀ ਕਿਤਾਬ ਵਿਚ ਵੀ ਕੀਤਾ ਹੈ। ਹਿੰਮਤ ਸਿੰਘ ਨੇ ਗਿ ਗੁਰਬਚਨ ਸਿੰਘ ਸਾਬਕਾ ਜਥੇਦਾਰ ਤੇ ਦੋਸ਼ ਲਾਏ ਹਨ ਕਿ ਉਨ੍ਹਾਂ ਕੋਲ ਪੰਜ ਤਾਰਾ ਹੋਟਲ, ਕੋਠੀਆਂ, ਪਲਾਟ ਕਿਥੋਂ ਆਏ ।
ਇਸ ਕਿਤਾਬ ਵਿਚ ਸਾਬਕਾ ਜਥੇਦਾਰ ਇਕਬਾਲ ਸਿੰਘ ਤੇ ਵੀ ਗੰਭੀਰ ਦੋਸ਼ ਲਾਏ ਹਨ। ਇਹ ਜ਼ਿਕਰਯੋਗ ਹੈ ਕਿ 2007 ’ਚ ਸੌਦਾ-ਸਾਧ ਨੇ ਦਸਮ ਪਿਤਾ ਦਾ ਸਵਾਂਗ ਰਚਾਇਆ ਸੀ ਤੇ ਉਸ ਵਿਰੁਧ ਪਰਚਾ ਵੀ ਦਰਜ ਹੋਇਆ ਸੀ ਪਰ ਬਾਦਲ ਸਰਕਾਰ ਮੁੜ 2012 ’ਚ ਬਣ ਜਾਣ ਤੇ ਵੋਟ ਲੈਣ ਲਈ ਬਾਦਲਾਂ ਨੇ ਕੇਸ ਵਾਪਸ ਲੈ ਲਿਆ ਸੀ। ਉਕਤ ਗਿ ਗੁਰਬਚਨ ਸਿੰਘ ਜਥੇਦਾਰ ਹੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਸੱਚ ਦਸ ਸਕਦੇ ਹਨ ਕਿ ਕਿਹੜੇ ਹਾਲਾਤਾਂ ’ਚ ਇਹ ਬਜਰ ਗ਼ਲਤੀਆਂ ਕਰਨ ਲਈ ਉਹ ਮਜਬੂਰ ਹੋਏ ਜੋ ਸਿੱਖੀ ਸਿਧਾਂਤਾਂ ਦੇ ਪਹਿਰੇਦਾਰ ਸਨ ਪਰ ਇਸ ਵਾਸਤੇ ਉਨਾ ਨੂੰ ਪੇਸ਼ੀ ਲਈ ਸਦਣਾ ਪਵੇਗਾ।