ਵਿਆਹੁਤਾ ਵਲੋਂ ਪਤੀ ਅਤੇ ਸਹੁਰੇ ਵਿਰੁਧ ਦਾਜ ਲਈ ਕੁੱਟ-ਮਾਰ ਦਾ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਭਬਾਤ ਵਸਨੀਕ ਇਕ 26 ਸਾਲਾ ਦੀ ਵਿਆਹੁਤਾ ਨੇ ਪਤੀ  ਅਤੇ ਸਹੁਰਾ ਪਰਵਾਰ 'ਤੇ ਦਾਜ ਲਈ ਕਥਿਤ ਤੌਰ 'ਤੇ ਤੰਗ ਪ੍ਰੇਸ਼ਾਨ ਕਰਨ ਅਤੇ ਕੁੱਟ-ਮਾਰ ਕਰਨ ਦਾ ਦੋਸ਼ ਲਾਇਆ.........

Dowry

ਜ਼ੀਰਕਪੁਰ : ਪਿੰਡ ਭਬਾਤ ਵਸਨੀਕ ਇਕ 26 ਸਾਲਾ ਦੀ ਵਿਆਹੁਤਾ ਨੇ ਪਤੀ  ਅਤੇ ਸਹੁਰਾ ਪਰਵਾਰ 'ਤੇ ਦਾਜ ਲਈ ਕਥਿਤ ਤੌਰ 'ਤੇ ਤੰਗ ਪ੍ਰੇਸ਼ਾਨ ਕਰਨ ਅਤੇ ਕੁੱਟ-ਮਾਰ ਕਰਨ ਦਾ ਦੋਸ਼ ਲਾਇਆ ਹੈ। ਵਿਆਹੁਤਾ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਸ ਦੇ ਸਹੁਰਾ ਪਰਵਾਰ ਵਲੋਂ ਜਬਰਦਸਤੀ ਉਸ ਦਾ ਗਰਭਪਾਤ ਕਰਵਾ ਦਿਤਾ ਗਿਆ ਹੈ, ਜਿਸ ਮਗਰੋਂ ਉਸ ਦੀ ਤਬੀਅਤ ਵਿਗੜਨ 'ਤੇ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ ਹੈ।

ਢਕੌਲੀ ਕਮਿਉਨਿਟੀ ਹੈਲਥ ਸੈਂਟਰ ਵਿਚ ਦਾਖ਼ਲ ਕੁਸ਼ਮ ਦੇਵੀ ਦੇ ਪਰਵਾਰਕ ਮੈਂਬਰਾਂ ਨੇ ਦਸਿਆ ਕਿ ਉਨ੍ਹਾਂ ਅਪਣੀ ਧੀ ਦਾ ਵਿਆਹ ਸਾਲ 2016 ਵਿਚ ਰਮਨਦੀਪ ਵਾਸੀ ਪਿੰਡ ਭਬਾਤ ਨਾਲ ਕੀਤਾ ਸੀ। ਉਨ੍ਹਾਂ ਵਲੋਂ ਅਪਣੀ ਹੈਸੀਅਤ ਤੋਂ ਵਧ ਕੇ ਵਿਆਹ ਕੀਤਾ ਸੀ ਪਰ ਇਸ ਦੇ ਬਾਵਜੂਦ ਦਾਜ ਦੇ ਲੋਭੀ ਸਹੁਰਾ ਪਰਵਾਰ ਉਸ ਦੀ ਧੀ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਮੰਗ ਨਾ ਪੂਰੀ ਹੋਣ ਤੇ ਉਸ ਨਾਲ ਕੁੱਟ-ਮਾਰ ਕੀਤੀ ਜਾਂਦੀ ਸੀ। ਤਕਰੀਬਨ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਦੀ ਧੀ ਦੀ ਮਰਜ਼ੀ ਤੋਂ ਬਿਨਾਂ ਉਸ ਦਾ ਦੋ ਮਹੀਨੇ ਦਾ ਗਰਭਪਾਤ ਕਰਵਾ ਦਿਤਾ ਗਿਆ, ਜਿਸ ਦਾ ਉਸ ਵਲੋਂ ਵਿਰੋਧ ਕਰਨ 'ਤੇ ਵੀ ਸੁਣਵਾਈ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਗਰਭਪਾਤ ਕਰਵਾਉਣ ਨਾਲ ਉਸ ਦੀ ਤਬੀਅਤ ਵਿਗੜ ਗਈ ਤੇ ਉਸ ਦਾ ਇਲਾਜ ਨਹੀਂ ਕਰਵਾਇਆ ਜਾ ਰਿਹਾ ਸੀ ਅਤੇ ਨਾ ਹੀ ਉਸ ਨੂੰ ਪੇਕੇ ਪਰਵਾਰ ਨਾਲ ਮਿਲਣ ਦਿਤਾ ਜਾਂਦਾ ਸੀ। 16 ਅਗੱਸਤ ਨੂੰ ਜਦ ਪੇਕਾ ਪਰਵਾਰ ਇਥੇ ਪਹੁੰਚਿਆ ਤਾਂ ਪਹਿਲਾਂ ਤਾਂ ਉਸ ਨੂੰ ਮਿਲਣ ਤੋਂ ਰੋਕਿਆ ਗਿਆ ਤੇ ਉਸ ਨਾਲ ਮਾਰਕੁੱਟ ਕੀਤੀ ਗਈ। ਉਹ ਭਾਰੀ ਮੁਸ਼ੱਕਤ ਮਗਰੋਂ ਅਪਣੀ ਧੀ ਨੂੰ ਮਿਲੇ, ਜਿਸ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਸ ਨੂੰ ਢਕੌਲੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਇਥੇ ਸਾਹਮਣੇ ਆਇਆ ਕਿ ਉਸ ਨੂੰ ਇਨਫ਼ੈਕਸ਼ਨ ਹੋ ਗਈ ਹੈ।

ਪੜਤਾਲੀਆ ਅਫ਼ਸਰ ਏ.ਐਸ.ਆਈ. ਬੂਟਾ ਸਿੰਘ ਨੇ ਦਸਿਆ ਕਿ ਹਸਪਤਾਲ ਵਿਚ ਦਾਖ਼ਲ ਵਿਆਹੁਤਾ ਕੁਸ਼ਮ ਦੇ ਬਿਆਨ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਜਬਰਦਸਤੀ ਗਰਭਪਾਤ ਕਰਵਾਉਣ ਦੇ ਦੋਸ਼ ਬਾਰੇ ਕਿਹਾ ਕਿ ਅੱਜ ਵਿਆਹੁਤਾ ਦਾ ਅਲਟਰਾਸਾਊਂਡ ਕਰਵਾਇਆ ਗਿਆ ਹੈ ਜਿਸ ਦੀ ਰੀਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਵਿਆਹੁਤਾ ਦੇ ਪਤੀ ਰਮਨਪ੍ਰੀਤ ਸਿੰਘ ਨੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ ਕਿ ਛੋਟੇ ਜਿਹੇ ਘਰੇਲੂ ਕਲੇਸ਼ ਕਾਰਨ ਦਾਜ ਮੰਗਣ ਸਮੇਤ ਹੋਰ ਝੂਠੇ ਦੋਸ਼ ਲਾਏ ਜਾ ਰਹੇ ਹਨ।