ਨੰਗਲ ਤੋਂ ਰੋਪੜ ਤਕ ਸਾਈਕਲ 'ਤੇ ਪੈਗਾਮ-ਏ-ਇਨਕਲਾਬ ਯਾਤਰਾ
ਸਾਹਿਤਕਾਰ, ਪੱਤਰਕਾਰ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਯੂਥ ਕਲੱਬ ਦੇ ਪ੍ਰਧਾਨ ਸ਼ਿਵ ਕੁਮਾਰ ਕਾਲੀਆਂ ਨੇ ਆਜ਼ਾਦੀ ਦਿਵਸ ਮੌਕੇ 'ਤੇ ਦੇਸ਼ ਦੀ ਨੌਜਵਾਨ ਪੀੜੀ............
ਨੰਗਲ : ਸਾਹਿਤਕਾਰ, ਪੱਤਰਕਾਰ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਯੂਥ ਕਲੱਬ ਦੇ ਪ੍ਰਧਾਨ ਸ਼ਿਵ ਕੁਮਾਰ ਕਾਲੀਆਂ ਨੇ ਆਜ਼ਾਦੀ ਦਿਵਸ ਮੌਕੇ 'ਤੇ ਦੇਸ਼ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਅਤੇ ਸਮਾਜਕ ਕੁਰੀਤੀਆਂ ਦੇ ਵਿਰੋਧ ਵਿਚ ਜਾਗਰੂਕ ਕਰਨ ਲਈ ਨੰਗਲ ਤੋ ਰੋਪੜ ਤਕ ਸਾਇਕਲ ਤੇ ਪੈਗਾਮ ਏ ਇਨਕਲਾਬ ਯਾਤਰਾ ਕੀਤੀ। ਜਿਸਦਾ ਥਾਂ ਥਾਂ ਲੋਕਾਂ ਵਲੋਂ ਭਰਵਾ ਸਵਾਗਤ ਕੀਤਾ ਗਿਆ। ਸ਼ਿਵ ਕੁਮਾਰ ਕਾਲੀਆ ਨੇ ਦਸਿਆ ਕਿ ਉਨ੍ਹਾਂ ਦੀ ਇਹ ਪੰਜਵੀ ਪੈਗਾਮ ਏ ਇਨਕਲਾਬ ਯਾਤਰਾ ਹੈ।
ਉਨ੍ਹਾਂ ਕਿਹਾ ਕਿ ਇਸ ਸਾਇਕਲ ਯਾਤਰਾ ਕਰਨ ਦਾ ਮੁੱਖ ਮੰਤਵ ਦੇਸ਼ ਦੀ ਨੌਜਵਾਨ ਪੀੜੀ ਨੂੰ ਸ਼ਹੀਦਾ ਵਲੋਂ ਦੇਸ਼ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਵਾਉਂਣ ਲਈ ਦਿਤੀਆਂ ਗਈਆਂ ਕੁਰਬਾਨੀਆਂ ਦੀ ਯਾਦ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨ ਜਿਸ ਅਜ਼ਾਦੀ ਦਾ ਅਨੰਦ ਮਾਣ ਰਹੇ ਹਨ ਉਸ ਲਈ ਸ਼ਹੀਦ ਭਗਤ ਸਿੰਘ, ਰਾਜਗੁਰੂ , ਸੁਖਦੇਵ ਸਿੰਘ ਤੇ ਹੋਰ ਅਨੇਕਾਂ ਹੀ ਦੇਸ਼ ਭਗਤਾਂ ਨੇ ਅਪਣੀਆਂ ਜਾਨਾਂ ਤਕ ਵਾਰ ਦਿਤੀਆਂ ਸਨ। ਉਨ੍ਹਾਂ ਕਿਹਾ ਕਿ ਅੱਜ ਸੁਬੇ ਦੇ ਨੌਜਵਾਨ ਦੇਸ਼ ਦੇ ਮਹਾਨ ਸ਼ਹੀਦਾਂ ਵਲੋਂ ਦਿਖਾਏ ਗਏ ਰਾਹ ਨੂੰ ਭੁੱਲ ਕੇ ਨਸ਼ਿਆਂ ਦੇ ਦਲਦਲ ਵਿਚ ਫਸਦੇ ਜਾ ਰਹੇ ਹਨ ਜੋਕਿ ਚਿੰਤਾ ਦਾ ਵੱਡਾ ਕਾਰਨ ਬਣਦਾ ਜਾ ਰਿਹਾ ਹੈ।
ਉਨ੍ਹਾਂ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਆਓ ਸਮਾਜਕ ਕੁਰੀਤੀਆਂ ਅਤੇ ਨਸ਼ਿਆਂ ਆਦਿ ਨੂੰ ਤਿਆਗ ਕੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਕਾਰ ਕਰੀਏ। ਨੰਗਲ ਵਿਚੋਂ ਯਾਤਰਾ ਸ਼ੁਰੂ ਕਰਨ ਮੌਕੇ ਸਮਾਜ ਸੇਵਕ ਰਾਮ ਸੈਣੀ, ਆਰਟ ਆਫ ਲਿਵਿੰਗ ਸੰਸਥਾ ਦੇ ਅਧਿਅਪਾਕ ਸ਼ਾਮ ਮੁਰਾਰੀ, ਰੋਟਰਹ ਕਲੱਬ ਨੰਗਲ ਦੇ ਸਾਬਕਾ ਪ੍ਰਧਾਨ ਜੀਤ ਰਾਮ ਸ਼ਰਮਾ, ਪ੍ਰਵਾਸੀ ਪੰਜਾਬੀ ਫ੍ਰੈਡਜ ਕਲੱਬ ਦੇ ਅਹੁਦੇਦਾਰ ਗੁਰਪ੍ਰੀਤ ਗਰੇਵਾਲ, ਜਰਨੈਲ ਸਿੰਘ ਸੰਧੂ, ਯੋਗੇਸ਼ ਸਚਦੇਵਾ, ਰਿੰਪੀ ਜੈਲਦਾਰ , ਅਭੀ ਰਾਣਾ, ਸੁਧੀਰ ਸ਼ਰਮਾ,ਚਰਨਜੀਤ ਗਰੋਵਰ, ਰੋਸ਼ਲ ਲਾਲ, ਧਿਆਨ ਚੰਦ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।