ਵਿਧਾਇਕ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਫ਼ੈਸਲੇ ਦਾ ਭਰਵਾਂ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਵਲੋਂ ਨਗਰ ਨਿਗਮ ਮੋਗਾ ਵਿਚ ਇਕ ਜਾਂ ਦੋ ਦਿਨ ਖ਼ੁਦ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਫ਼ੈਸਲੇ..............

Harjot Kamal Singh

ਮੋਗਾ : ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਵਲੋਂ ਨਗਰ ਨਿਗਮ ਮੋਗਾ ਵਿਚ ਇਕ ਜਾਂ ਦੋ ਦਿਨ ਖ਼ੁਦ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਫ਼ੈਸਲੇ ਦਾ ਚਾਰੇ ਪਾਸਿਉਂ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਵਾਸੀਆਂ ਨੂੰ ਹੁਣ ਆਸ ਬੱਝੀ ਹੈ ਕਿ ਸ਼ਹਿਰ ਦਾ ਜੋ ਵਿਕਾਸ ਪਿਛਲੇ ਲੰਬੇ ਸਮੇਂ ਤੋਂ ਰੁਕਿਆ ਹੈ, ਹੁਣ ਵਿਧਾਇਕ ਵਲੋਂ ਚੁੱਕੇ ਗਏ ਇਸ ਕਦਮ ਨਾਲ ਜਲਦ ਹੀ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ। ਜਿਥੇ ਆਮ ਸ਼ਹਿਰੀਆਂ ਅਤੇ ਕਈ ਕੌਸਲਰਾਂ ਨੇ ਵਿਧਾਇਕ ਦੇ ਇਸ ਕਦਮ ਦੀ ਸ਼ਲਾਘਾ ਕੀਤੀ, ਉਥੇ ਹੀ ਕਈਆਂ ਨੇ ਇਹ ਸੁਝਾਅ ਵੀ ਦਿਤਾ ਹੈ

ਕਿ ਇਨ੍ਹਾਂ ਦੇ ਮੂੰਹ ਵਲ ਦੇਖਣ ਦੀ ਬਜਾਏ ਇਹ ਕਦਮ ਵਿਧਾਇਕ ਨੂੰ ਇਕ ਸਾਲ ਪਹਿਲਾਂ ਹੀ ਚੁੱਕ ਲੈਣਾ ਚਾਹੀਦਾ ਸੀ। ਇਸ ਸਬੰਧੀ ਜਦੋਂ ਡਾ. ਹਰਜੋਤ ਕਮਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਕਾਸ ਪਸੰਦ ਲੋਕ ਅਤੇ ਕਈ ਕੌਂਸਲਰ ਇਸ ਗੱਲ ਦੀ ਸ਼ਲਾਘਾ ਕਰ ਰਹੇ ਹਨ ਪਰ ਵਿਰੋਧ ਸਿਰਫ਼ ਉਹੀ ਲੋਕ ਕਰ ਰਹੇ ਹਨ ਜਿਨ੍ਹਾਂ ਨੂੰ ਨਗਰ ਨਿਗਮ ਵਿਚ ਐਮ.ਐਲ.ਏ. ਦੇ ਬੈਠਣ ਕਾਰਨ ਅਪਣਾ ਤੋਰੀ ਫੁਲਕਾ ਬੰਦ ਹੁੰਦਾ ਦਿਸਦਾ ਹੈ ਜਾਂ ਉਹ ਲੋਕ ਇਸ ਗੱਲ ਦਾ ਵਿਰੋਧ ਕਰ ਰਹੇ ਹਨ ਜੋ ਸ਼ਹਿਰ ਦੇ ਵਿਕਾਸ ਦੇ ਵਿਰੋਧ ਵਿਚ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਵਿਧਾਇਕ ਵਿਕਾਸ ਕਰਵਾ ਕੇ ਉਸ ਦਾ ਲਾਹਾ ਲੈ ਲਵੇ।

ਡਾ. ਹਰਜੋਤ ਨੇ ਕਿਹਾ ਕਿ ਉਹ ਤਾਂ ਪਹਿਲਾਂ ਹੀ ਪਿਛਲੇ ਕਈ ਸਾਲਾਂ ਤੋਂ ਅਪਣਾ ਦਫ਼ਤਰ ਜੀ.ਟੀ. ਰੋਡ 'ਤੇ ਚਲਾ ਰਹੇ ਹਨ ਜਿਸ ਵਿਚ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਉਪਲਬਧ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਿਗਮ ਵਿਚ ਬੈਠਣਾ ਕਿਸੇ ਦਫ਼ਤਰ ਦੀ ਭੁੱਖ ਨਹੀਂ ਹੈ ਬਲਕਿ ਸ਼ਹਿਰ ਦਾ ਰੁਕਿਆ ਵਿਕਾਸ ਕਰਵਾਉਣਾ ਅਤੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ ਕਿਉਂਕਿ ਸ਼ਹਿਰ ਵਾਸੀਆਂ ਨੇ ਬਹੁਤ ਵੱਡੀਆਂ ਉਮੀਦਾਂ ਨਾਲ ਉਨ੍ਹਾਂ ਨੂੰ ਮਾਣ ਬਖ਼ਸ਼ਿਆ ਹੈ ਜਿਸ 'ਤੇ ਖਰਾ ਉਤਰਨਾ ਮੇਰੀ ਪਹਿਲ ਹੋਵੇਗੀ। 

ਡਾ. ਹਰਜੋਤ ਨੇ ਕਿਹਾ ਕਿ ਸ਼ਹਿਰ ਦਾ ਵਿਕਾਸ ਗੁੱਟਬੰਦੀ ਕਾਰਨ ਰੁਕਿਆ ਹੋਇਆ ਹੈ। ਜੇ ਪਿੰਡਾਂ ਵਿਚ ਜਾ ਕੇ ਦੇਖਿਆ ਜਾਵੇ ਤਾਂ ਪਿਛਲੇ ਇਕ ਸਾਲ ਤੋਂ ਬੰਦ ਪਏ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਡਰੋਲੀ ਤੋਂ ਕੋਟ ਕਰੋੜ ਕਲਾਂ ਤਕ ਸੜਕ ਬਣਾਈ ਜਾ ਚੁੱਕੀ ਹੈ। ਡਗਰੂ ਫਾਟਕਾ ਤਕ, ਦੌਲਤਪੁਰਾ, ਮਹੇਸ਼ਰੀ, ਸਲ੍ਹੀਣਾ ਆਦਿ ਪਿੰਡਾਂ ਦੀਆਂ ਸੜਕਾਂ, ਸਿੰਘਾਵਾਲਾ-ਬੁੱਕਣਵਾਲਾ ਪੁਲ ਜੋ ਪਿਛਲੇ ਕਈ ਸਾਲਾਂ ਤੋਂ ਖਸਤਾ ਹਾਲਤ ਸੀ, ਨੂੰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਖ਼ੁਦ ਜਾ ਕੇ ਸ਼ਹਿਰ ਵਿਚ ਮੁਆਇਨਾ ਕੀਤਾ।

ਉਨ੍ਹਾਂ ਦੇਖਿਆ ਕਿ ਸ਼ਹਿਰ ਦੀਆਂ ਸਟਰੀਟ ਲਾਈਟਾਂ ਦੀ ਹਾਲਤ ਬਹੁਤ ਬਦਹਾਲ ਹੋਈ ਪਈ ਸੀ, ਇਸ ਲਈ ਹੁਣ ਸ਼ਹਿਰ ਵਿਚ ਐਲ.ਈ.ਡੀ. ਲਾਈਟਾਂ ਅਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਜਾਣਗੇ। ਡਾ. ਹਰਜੋਤ ਕਮਲ ਨੇ ਕਿਹਾ ਕਿ ਉਨ੍ਹਾਂ ਨੂੰ ਵਿਕਾਸ ਵਿਰੋਧੀ ਲੋਕਾਂ ਵਲੋਂ ਉਨ੍ਹਾਂ ਦੇ ਕੀਤੇ ਜਾ ਰਹੇ ਵਿਰੋਧ ਦੀ ਕੋਈ ਚਿੰਤਾ ਨਹੀਂ ਹੈ, ਉਨ੍ਹਾਂ ਦਾ ਮੁੱਖ ਏਜੰਡਾ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਹੈ ਜਿਸ ਲਈ ਉਹ ਹਰ ਸੰਭਵ ਲੜਾਈ ਲੜਨ ਲਈ ਤਿਆਰ ਹਨ।