ਪੰਜਾਬ ਵਿਧਾਨ ਸਭਾ ਦੇ ਇਕ ਦਿਨਾ ਸੈਸ਼ਨ ਵਿਚ ਹਿੱਸਾ ਲੈਣ ਬਾਰੇ ਬਾਦਲ ਦਲ ਸ਼ਸ਼ੋਪੰਜ ਵਿਚ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਦੇ ਇਕ ਦਿਨਾ ਸੈਸ਼ਨ ਵਿਚ ਹਿੱਸਾ ਲੈਣ ਬਾਰੇ ਬਾਦਲ ਦਲ ਸ਼ਸ਼ੋਪੰਜ ਵਿਚ

image

ਕੇਂਦਰੀ ਖੇਤੀ ਆਰਡੀਨੈਂਸਾਂ ਕਾਰਨ ਬਾਦਲ ਲਈ 'ਸੱਪ ਦੇ ਮੂੰਹ ਕੋਹੜ ਕਿਰਲੀ' ਵਰਗੀ ਸਥਿਤੀ ਹੋਵੇਗੀ

ਚੰਡੀਗੜ੍ਹ, 20 ਅਗੱਸਤ (ਗੁਰਉਪਦੇਸ਼ ਭੁੱਲਰ): ਕੇਂਦਰ ਵਲੋਂ ਜਾਰੀ ਖੇਤੀ ਆਰਡੀਨੈਂਸਾਂ ਦੇ ਪੰਜਾਬ ਵਿਚ ਚਹੁੰ ਤਰਫ਼ਾ ਵਿਰੋਧ ਕਾਰਨ 28 ਅਗੱਸਤ ਨੂੰ ਪੰਜਾਬ ਵਿਧਾਨ ਸਭਾ ਦੇ ਹੋ ਰਹੇ ਇਕ ਦਿਨਾ ਸੈਸ਼ਨ ਵਿਚ ਸ਼ਾਮਲ ਹੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਮੁਸ਼ਕਲ ਸਥਿਤੀ ਬਣ ਗਈ ਹੈ। ਜੇਕਰ ਕਾਂਗਰਸ ਤੇ ਆਮ ਆਦਮੀ ਪਾਰਟੀ ਇਨ੍ਹਾਂ ਆਰਡੀਨੈਂਸਾਂ ਵਿਰੁਧ ਮਤਾ ਲਿਆਉਂਦੀਆਂ ਹਨ ਤਾਂ ਬਾਦਲ ਦਲ ਲਈ 'ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ' ਹਾਲਤ ਹੋਵੇਗੀ।
ਸੂਤਰਾਂ ਦੀ ਮੰਨੀਏ ਤਾਂ ਇਸ ਸਥਿਤੀ ਤੋਂ ਬਚਣ ਲਈ ਦਲ ਦੇ ਪ੍ਰਧਾਨ ਸੈਸ਼ਨ ਤੋਂ ਕਿਸੇ ਨਾ ਕਿਸੇ ਬਹਾਨੇ ਪਾਸਾ ਵੱਟਣਾ ਚਾਹੁੰਦੇ ਹਨ ਤੇ ਪਾਰਟੀ ਅੰਦਰ ਇਸ ਇਕ ਦਿਨ ਦੇ ਸੈਸ਼ਨ ਦਾ ਬਾਈਕਾਟ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਸ਼ੁਰੂ ਹੋ ਚੁੱਕਾ ਹੈ ਪਰ ਪਾਰਟੀ ਦੇ ਕੁੱਝ ਸੀਨੀਅਰ ਨੇਤਾ ਤੇ ਵਿਧਾਇਕ ਇਸ ਵਾਰ ਅਜਿਹੀ ਗ਼ਲਤੀ ਨਾ ਕਰਨ ਦੀ ਅੰਦਰਖਾਤੇ ਗੱਲ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਸੈਸ਼ਨ ਭਾਵੇਂ ਇਕ ਦਿਨ ਦਾ ਹੀ ਹੈ ਪਰ ਸ਼ਾਮਲ ਹੋ ਕੇ ਅਪਣੀ ਸਮਰੱਥਾ ਮੁਤਾਬਕ ਸੱਤਾਧਿਰ ਨੂੰ ਸਦਨ ਵਿਚ ਘੇਰਨ ਦਾ ਯਤਨ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਵਿਚ ਸੈਸ਼ਨ ਦੌਰਾਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਤੇ ਬਹਿਸ ਸਮੇਂ ਅਕਾਲੀਆਂ ਦੇ ਬਾਹਰ ਹੋਣ ਦਾ ਸੱਤਾਧਾਰੀ ਫ਼ਾਇਦੇ ਲੈ ਗਏ ਸਨ। ਇਸ ਤਰ੍ਹਾਂ ਬਾਦਲ ਦਲ ਦੀ ਮੁੱਖ ਲੀਡਰਸ਼ਿਪ ਇਸ ਸਮੇਂ ਇਸ ਸੈਸ਼ਨ ਵਿਚ ਹਿੱਸਾ ਲੈਦ ਦੇ ਮਾਮਲੇ 'ਤੇ ਫ਼ੈਸਲਾ ਕਰਨ ਲਈ ਸ਼ਸ਼ੋਪੰਜ ਵਿਚ ਹੈ। ਜ਼ਿਕਰਯੋਗ ਹੈ ਕਿ ਭਾਵੇਂ ਸੁਖਬੀਰ ਬਾਦਲ ਤੇ ਹੋਰ ਕਈ ਸੀਨੀਅਰ ਅਕਾਲੀ ਆਗੂ ਖੇਤੀ ਆਰਡੀਨੈਂਸਾਂ ਦਾ ਕਿਸਾਨਾਂ 'ਤੇ ਮਾੜਾ ਪ੍ਰਭਾਵ ਨਾ ਪੈਣ ਦੇਣ ਤੇ ਕੁਰਬਾਨੀ ਦੇਣ ਦੇ ਬਿਆਨ ਦੇ ਰਹੇ ਹਨ ਪਰ ਦੂਜੇ ਪਾਸੇ ਜ਼ਿਕਰਯੋਗ ਹੈ ਕਿ ਅਕਾਲੀ ਮੈਂਬਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਮੌਜੂਦਗੀ ਵਿਚ ਕੇਂਦਰੀ ਕੈਬਨਿਟ ਨੇ ਖੇਤੀ ਆਰਡੀਨੈਂਸਾਂ ਬਾਰੇ ਫ਼ੈਸਲਾ ਲਿਆ ਹੈ। ਇਸ ਕਰ ਕੇ ਬਾਦਲ ਦਲ ਖੁਲ੍ਹ ਕੇ ਇਨ੍ਹਾਂ ਦਾ ਵਿਰੋਧ ਵੀ ਨਹੀਂ ਕਰ ਸਕਦਾ ਕਿਉਂਕਿ ਇਸ ਦਾ ਅਕਾਲੀ ਭਾਜਪਾ ਗਠਜੋੜ 'ਤੇ ਅਸਰ ਪੈ ਸਕਦਾ ਹੈ।
ਭਾਜਪਾ ਤਾਂ ਇਸ ਵਾਰ ਪਹਿਲਾਂ ਹੀ ਅਪਣੀ ਸ਼ਕਤੀ ਵਧਾ ਕੇ 59 ਸੀਟਾਂ ਦੀ ਮੰਗ ਦੇ ਦਾਅਵੇ ਦੀ ਤਿਆਰੀ ਵਿਚ ਹੈ। ਜੇ ਅਕਾਲੀ ਮੈਂਬਰ ਸੈਸ਼ਨ ਵਿਚ ਸ਼ਾਮਲ ਹੁੰਦੇ ਹਨ ਤਾਂ ਖੇਤੀ ਆਰਡੀਨੈਂਸਾਂ ਵਿਰੋਧੀ ਆਉਣ ਵਾਲੇ ਮਤੇ ਦਾ ਵਿਰੋਧ ਨਹੀਂ ਕਰ ਸਕਣਗੇ ਤੇ ਸਮਰਥਨ ਕਰਨਾ ਪਵੇਗਾ। ਇਸ ਕਾਰਨ ਅਕਾਲੀ ਦਲ ਦੀ ਲੀਡਰਸ਼ਿਪ ਸੈਸ਼ਨ ਵਿਚ ਹਿੱਸਾ ਲੈਣ ਜਾਂ ਬਾਹਰ ਰਹਿਣ ਬਾਰੇ ਵਿਚਾਰ ਵਟਾਂਦਰਾ ਸ਼ੁਰੂ ਕਰ ਚੁੱਕੀ ਹੈ।