ਸਾਫ਼-ਸਫ਼ਾਈ ਦੇ ਖੇਤਰ ਵਿਚ ਬਠਿੰਡਾ ਮੁੜ ਪੰਜਾਬ 'ਚੋਂ ਪਹਿਲੇ ਸਥਾਨ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਫ਼-ਸਫ਼ਾਈ ਦੇ ਖੇਤਰ ਵਿਚ ਬਠਿੰਡਾ ਮੁੜ ਪੰਜਾਬ 'ਚੋਂ ਪਹਿਲੇ ਸਥਾਨ 'ਤੇ

ਬਠਿੰਡਾ ਸ਼ਹਿਰ ਦੀ ਉਪਰੋਂ ਖਿੱਚੀ ਗਈ ਤਸਵੀਰ ਦਾ ਦ੍ਰਿਸ਼।

ਬਠਿੰਡਾ, 20 ਅਗੱਸਤ (ਸੁਖਜਿੰਦਰ ਮਾਨ) : ਝੀਲਾਂ ਤੇ ਕਿਲ੍ਹੇ ਵਾਲੇ ਸ਼ਹਿਰ ਬਠਿੰਡਾ ਸ਼ਹਿਰ ਨੇ ਸਾਫ਼-ਸਫ਼ਾਈ ਦੇ ਮਾਮਲੇ ਵਿਚ ਮੁੜ ਪੰਜਾਬ ਵਿਚ ਝੰਡੀ ਗੱਡ ਦਿਤੀ ਹੈ। ਕੇਂਦਰ ਸਰਕਾਰ ਵਲੋਂ ਕਰਵਾਏ ਸਫ਼ਾਈ ਸਰਵੇਖਣ 'ਚ ਬਠਿੰਡਾ ਸ਼ਹਿਰ ਪੰਜਾਬ ਵਿਚ ਪਹਿਲੇ ਸਥਾਨ 'ਤੇ ਆਇਆ ਹੈ। ਇਹ ਲਗਾਤਾਰ ਤੀਜਾ ਸਾਲ ਹੈ ਜਦ ਬਠਿੰਡਾ ਸ਼ਹਿਰ ਨੇ ਇਹ ਮਾਣਮੱਤਾ ਅਵਾਰਡ ਲਗਾਤਾਰ ਜਿਤਿਆ ਹੈ।
ਸਰਕਾਰ ਵਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਸਵੱਛ ਅਭਿਆਨ ਸਰਵੇਖਣ ਵਿਚ  ਬਠਿੰਡਾ ਨੇ 79ਵਾਂ ਰੈਂਕ ਹਾਸਿਲ ਕੀਤਾ ਹੈ ਤੇ ਇਸਨੂੰ ਕੌਮੀ ਪੱਧਰ 'ਤੇ 3526. 68 ਅੰਕ ਮਿਲੇ ਹਨ। ਉਂਜ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਨੂੰ ਪੰਜਾਬ ਵਿਚੋਂ ਦੂਜਾ ਸਥਾਨ ਮਿਲਿਆ ਹੈ ਅਤੇ ਮੋਹਾਲੀ ਤੀਜ਼ੇ ਸਥਾਨ 'ਤੇ ਰਿਹਾ ਹੈ। ਕੌਮੀ ਰੈਂਕ ਵਿਚ ਪਟਿਆਲਾ ਦਾ 86ਵਾਂ ਰੈਂਕ ਹੈ। ਨਿਗਮ ਦੇ ਅਧਿਕਾਰੀਆਂ ਮੁਤਾਬਕ ਇਹ ਸਭ ਲੋਕਾਂ ਦੇ ਸਹਿਯੋਗ ਨਾਲ ਸੰਭਵ ਹੋ ਪਾਇਆ ਹੈ। ਇਸਤੋਂ ਇਲਾਵਾ ਨਿਗਮ ਦੇ ਮੁਲਾਜ਼ਮਾਂ ਤੇ ਸਫ਼ਾਈ ਕਰਮਚਾਰੀਆਂ ਦਾ ਵੀ ਵੱਡਾ ਯੋਗਦਾਨ ਹੈ। ਜ਼ਿਕਰਯੋਗ ਹੈ ਕਿ ਹਰ ਸਾਲ ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਸਵੱਛ ਅਭਿਆਨ ਸਰਵੇਖਣ ਕਰਵਾਇਆ ਜਾਂਦਾ ਹੈ। ਜਿਸ ਵਿਚ ਅਬਾਦੀ ਦੇ ਹਿਸਾਬ ਨਾਲ ਸ਼ਹਿਰਾਂ ਦੀਆਂ ਕੈਟਾਗਿਰੀਆਂ ਬਣਾਈਆਂ ਜਾਂਦੀਆਂ ਹਨ।  ਬਠਿੰਡਾ 1 ਤੋਂ 10 ਲੱਖ ਦੀ ਅਬਾਦੀ ਵਾਲੀ ਕੈਟਾਗਿਰੀ ਵਿਚ ਸ਼ਾਮਲ ਹਨ।