ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਦਿਨ 'ਚ 1741 ਪਾਜ਼ੇਟਿਵ ਮਾਮਲੇ ਆਏ 37 ਹੋਰ ਮੌਤਾਂ ਵੀ ਹੋਈਆਂ, ਕੁਲ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 38000

image

ਚੰਡੀਗੜ੍ਹ, 20 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਦਾ ਕਹਿਰ ਘੱਟ ਹੁੰਦਾ ਦਿਖਾਈ ਨਹੀਂ ਦੇ ਰਿਹਾ ਬਲਕਿ ਦਿਨ ਬ ਦਿਨ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਭਾਵੇਂ 5 ਜ਼ਿਲ੍ਹੇ ਤਾਂ ਇਸ ਸਮੇਂ ਕੋਰੋਨਾ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੇ ਹਨ ਪਰ ਸਾਰੇ ਹੀ ਜ਼ਿਲ੍ਹਿਆਂ ਵਿਚ ਮਾਮਲੇ ਵੱਧ ਰਹ ੇਹਨ। ਅੱਜ ਸ਼ਾਮ ਤਕ ਦੇ ਪ੍ਰਾਪਤ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਕੋ ਦਿਨ ਵਿਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 1700 ਤੋਂ ਵੀ ਪਾਰ ਹੋ ਗਈ ਹੈ।


ਅੱਜ 1741 ਹੋਰ ਨਵੇਂ ਮਾਮਲੇ ਆਉਣ ਨਾਲ ਸੂਬੇ ਵਿਚ ਕੁਲ ਅੰਕੜਾ 38000 ਦੇ ਨੇੜੇ ਪਹੁੰਚ ਗਿਆ ਹੈ। ਅੱਜ 37 ਹੋਰ ਮੌਤਾਂ ਹੋਈਆਂ ਹਨ ਤੇ ਇਸ ਤਰ੍ਹਾਂ ਮਰਨ ਵਾਲਿਆਂ ਦੀ ਗਿਣਤੀ ਵੀ 960 ਤਕ ਹੋ ਗਈ ਹੈ। 23037 ਮਰੀਜ਼ ਠੀਕ ਵੀ ਹੋਏ ਹਨ। ਇਸ ਸਮੇਂ ਕੁਲ 13830 ਮਰੀਜ਼ ਇਲਾਜ ਅਧੀਨ ਹਨ। ਇਨ੍ਹਾਂ ਵਿਚੋਂ 384 ਗੰਭੀਰ ਹਾਲਤ ਵਾਲੇ ਹਨ। 39 ਮਰੀਜ਼ ਵੈਂਟੀਲੇਟਰ ਤੇ ਬਾਕੀ ਆਕਸੀਜਨ 'ਤੇ ਹਨ। ਅੱਜ ਵੀ ਸੱਭ ਤੋਂ ਵੱਧ 400 ਹੋਰ ਪਾਜ਼ੇਟਿਵ ਮਾਮਲੇ ਜ਼ਿਲ੍ਹਾ ਲੁਧਿਆਣਾ ਵਿਚ ਹੀ ਆਏ ਹਨ। ਇਸ ਜ਼ਿਲ੍ਹੇ ਵਿਚ ਸੱਭ ਤੋਂ ਵੱਧ 10 ਵੀ ਅੱਜ ਹੋਈਆਂ। ਪਟਿਆਲਾ, ਸੰਗਰੂਰ ਤੇ ਜ਼ਿਲ੍ਹਾ ਮੋਹਾਲੀ ਵਿਚ ਵੀ ਅੱਜ 5-5 ਮੌਤਾਂ ਹੋਈਆਂ। ਜਲੰਧਰ ਵਿਚ 242, ਮੋਹਾਲੀ ਵਿਚ 169, ਬਠਿੰਡਾ ਵਿਚ 148 ਤੇ ਪਟਿਆਲਾ ਵਿਚ 81 ਹੋਰ ਪਾਜ਼ੇਟਿਵ ਮਾਮਲੇ ਆਏ ਹਨ।

ਪੰਜਾਬ ਦੇ ਸੀਮਤ ਜ਼ੋਨਾਂ ਵਿਚ 27.7 ਫ਼ੀ ਸਦੀ ਲੋਕ ਕੋਵਿਡ ਦੇ ਸੀਰੋਪਾਜ਼ੇਟਿਵ ਪਾਏ ਗਏ


'ਸੀਰੋ' ਸਰਵੇਖਣ ਪੰਜ ਜ਼ਿਲ੍ਹਿਆਂ ਵਿਚ ਪਹਿਲੀ ਤੋਂ 17 ਅਗੱਸਤ ਤਕ ਕਰਵਾਇਆ ਗਿਆ

image




ਚੰਡੀਗੜ੍ਹ, 20 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਸੀਮਤ ਜ਼ੋਨਾਂ ਵਿਚ 27.7 ਫ਼ੀ ਸਦੀ ਵਸੋਂ ਕੋਵਿਡ ਐਡੀਬਾਡੀਜ਼ ਦੇ ਪਾਜ਼ੇਟਿਵ ਪਾਏ ਗਏ ਹਨ ਜੋ ਕਿ ਇਹ ਦਰਸਾਉਂਦਾ ਹੈ ਕਿ ਇਹ ਲੋਕ ਪਹਿਲਾ ਹੀ ਗ੍ਰਸਤ ਸਨ ਅਤੇ ਕੋਰੋਨਾ ਮਹਾਂਮਾਰੀ ਤੋਂ ਠੀਕ ਹੋ ਗਏ।


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀਰਵਾਰ ਨੂੰ ਸੱਦੀ ਗਈ ਕੋਵਿਡ ਸਮੀਖਿਆ ਦੀ ਮੀਟਿੰਗ ਦੌਰਾਨ ਪੇਸ਼ ਕੀਤੇ ਸਰਵੇਖਣ ਦੇ ਨਤੀਜਿਆਂ ਵਿਚ ਦਿਖਾਇਆ ਗਿਆ ਕਿ ਸੀਮਤ ਜ਼ੋਨਾਂ ਵਿਚ ਸਾਰਸ-ਕੋਵ-2 ਐਟੀਬਾਡੀਜ਼ ਦਾ ਪ੍ਰਸਾਰ ਸਭ ਤੋਂ ਵੱਧ ਅੰਮ੍ਰਿਤਸਰ ਜ਼ਿਲ੍ਹੇ ਵਿਚ 40 ਫ਼ੀ ਸਦੀ ਹੈ। ਇਸ ਤੋਂ ਬਾਅਦ ਲੁਧਿਆਣਾ ਵਿਚ 36.5 ਫ਼ੀ ਸਦੀ, ਐਸ.ਏ.ਐਸ. ਨਗਰ ਵਿਚ 33.2 ਫ਼ੀ ਸਦੀ, ਪਟਿਆਲਾ ਵਿਚ 19.2 ਫ਼ੀ ਸਦੀ ਅਤੇ ਜਲੰਧਰ ਵਿਚ 10.8 ਫ਼ੀ ਸਦੀ ਹੈ।
ਇਹ ਪੰਜਾਬ ਦਾ ਪਹਿਲਾ ਨਿਵੇਕਲਾ ਸਰਵੇਖਣ ਹੈ ਜੋ ਪਹਿਲੀ ਤੋਂ 17 ਅਗੱਸਤ ਤਕ ਸੂਬੇ ਦੇ ਪੰਜ ਸੀਮਤ ਜ਼ੋਨਾਂ ਵਿਚ ਯੋਜਨਾਬੰਦ ਤਰੀਕੇ ਨਾਲ ਬੇਤਰਤੀਬੇ (ਰੈਂਡਮ) ਤੌਰ 'ਤੇ ਚੁਣੇ ਗਏ 1250 ਵਿਅਕਤੀਆਂ ਦੇ ਸੈਂਪਲ ਲਏ ਗਏ। ਇਸ ਤੋਂ ਪਹਿਲਾਂ ਸੂਬਾ ਸਰਕਾਰ ਵਲੋਂ ਆਈ.ਸੀ.ਐਮ.ਆਰ. ਦੇ ਸਹਿਯੋਗ ਨਾਲ ਕੀਤਾ ਗਿਆ ਸਰਵੇਖਣ ਆਮ ਸੀ।


ਇਹ ਸਰਵੇਖਣ ਰਿਪੋਰਟ ਉਸ ਦਿਨ ਆਈ ਜਦੋਂ ਦਿੱਲੀ ਨੇ ਅਪਣੀ ਦੂਜੀ ਸੀਰੋ ਸਰਵੇਖਣ ਦੇ ਨਤੀਜੇ ਜਾਰੀ ਕੀਤੀ ਜਿਸ ਅਨੁਸਾਰ ਕੌਮੀ ਰਾਜਧਾਨੀ ਵਿਚ 29 ਫ਼ੀ ਸਦੀ ਦੇ ਕਰੀਬ ਸੀਰੋਪਾਜ਼ੇਟਿਵ ਸਨ।


ਪੰਜਾਬ ਦੇ ਇਸ ਨਿਵੇਕਲੇ ਸਰਵੇਖਣ ਲਈ ਪੰਜ ਸੀਮਤ ਜ਼ੋਨਾਂ ਨੂੰ ਚੁਣਿਆ ਗਿਆ ਜਿਨ੍ਹਾਂ ਖੇਤਰਾਂ ਵਿਚ ਕੋਵਿਡ ਦੇ ਸੱਭ ਤੋਂ ਵੱਧ ਕੇਸ ਸਾਹਮਣੇ ਆਏ ਹਨ। ਇਹ ਪਟਿਆਲਾ, ਐਸ.ਏ.ਐਸ. ਨਗਰ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਇਲਾਕੇ ਸਨ। ਹਰੇਕ ਜ਼ੋਨ 'ਚੋਂ 250 ਲੋਕਾਂ ਦੇ ਸੈਂਪਲ ਲਏ ਗਏ ਅਤੇ ਰੈਂਡਮ ਤੌਰ 'ਤੇ ਚੁਣੇ ਗਏ ਹਰੇਕ ਘਰ ਵਿਚੋਂ 18 ਸਾਲ ਤੋਂ ਵੱਧ ਉਮਰ ਦੇ ਇਕ ਬਾਲਗ਼ ਵਿਅਕਤੀ ਨੂੰ ਸਰਵੇਖਣ ਲਈ ਚੁਣਿਆ ਗਿਆ। ਸਾਰੇ ਸੀਮਤ ਜ਼ੋਨਾਂ ਜਿੱਥੇ ਕੋਵਿਡ-19 ਦੇ ਸਭ ਤੋਂ ਵੱਧ ਕੇਸ ਹਨ, ਨੂੰ ਮਿਲਾ ਕੇ ਕੁੱਲ 27.8 ਫ਼ੀ ਸਦੀ ਲੋਕਾਂ ਵਿਚ ਸਾਰਸ ਕੋਵ-2 ਐਟੀਬਾਡੀਜ਼ ਦੇ ਸੀਰੋ ਦਾ ਪ੍ਰਸਾਰ ਪਾਇਆ ਗਿਆ।