ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਪਲ ਦੋ ਪਲ ਕਾ ਸ਼ਾਇਰ ਹੂੰ' ਕਹਿੰਦੇ ਹੋਏ ਕ੍ਰਿਕਟ ਤੋਂ ਲਿਆ ਸੰਨਿਆਸ

MS Dhoni

ਨਵੀਂ ਦਿੱਲੀ, 16 ਅਗੱਸਤ : ਅਪਣੀ ਬੇਮਿਸਾਲ ਕਪਤਾਨੀ ਅਤੇ 'ਫਿਨਿਸ਼ਿੰਗ' ਦੇ ਹੁਨਰ ਕਾਰਨ ਮਹਾਨ ਕ੍ਰਿਕਟਰਾਂ 'ਚ ਸ਼ਾਮਲ ਦੋ ਵਾਰ ਦੇ ਵਿਸ਼ਵ ਕੱਪ ਜੇਤੂ ਭਾਰਤੇ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸਨਿਚਰਵਾਰ ਨੂੰ ਅੰਤਰਰਾਸ਼ਟਰੀ ਕਿਕ੍ਰਟ ਨੂੰ ਅਲਵਿਦਾ ਕਹਿ ਦਿਤਾ ਜਿਸ ਨਾਲ ਪਿਛਲੇ ਇਕ ਸਾਲ ਤੋਂ  ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਚਲ ਰਹੀਆਂ ਅਟਕਲਾਂ ਵੀ ਖ਼ਤਮ ਹੋ ਗਈਆਂ। ਹਾਲਾਂਕਿ ਉਹ ਆਈ.ਪੀ.ਐਲ 'ਚ ਖੇਡਦੇ ਰਹਿਣਗੇ।

ਆਈ.ਪੀ.ਐਲ ਇਸ ਸਾਲ 19 ਸਤੰਬਰ ਤੋਂ ਯੂ.ਏ.ਈ 'ਚ ਆਯੋਜਤ ਕੀਤੀ ਜਾ ਰਿਹਾ ਹੈ। ਭਾਰਤੀ ਕ੍ਰਿਕਟ 'ਚ ਕਈ ਇਤਿਹਾਸ ਬਣਾਉਣ ਵਾਲੇ 39 ਸਾਲਾ ਧੋਨੀ ਦੇ ਇਸ ਫ਼ੈਸਲੇ ਨਾਲ ਹੀ ਕ੍ਰਿਕਟ ਦੇ ਇਕ ਯੁਗ ਦਾ ਵੀ ਅੰਤ ਹੋ ਗਿਆ। ਉਹ ਭਾਰਤੀ ਕ੍ਰਿਕਟ ਦੇ ਸਭ ਤੋਂ ਕਾਮਯਾਬ ਕਪਤਾਨ ਰਹੇ ਹਨ। ਧੋਨੀ ਨੇ ਸਨਿਚਰਵਾਰ ਸ਼ਾਮ ਨੂੰ ਇੰਸਟਾਗ੍ਰਾਮ 'ਤੇ ''ਮੈਂ ਪਲ ਦੋ ਪਲ ਦਾ ਸ਼ਾਇਰ ਹੂ' ਗਾਣੇ ਨਾਲ ਇਕ ਵੀਡੀਉ ਪੋਸਟ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਤੁਹਾਡੇ ਵਲੋਂ ਹਮੇਸ਼ਾ ਮਿਲੇ ਪਿਆਰ ਅਤੇ ਸਹਿਯੋਗ ਲਈ ਸ਼ੁਕਰੀਆ। ਸ਼ਾਮ 7:29 ਵਜੇ ਤੋਂ ਮੈਨੂੰ ਰਿਟਾਇਰ ਸਮਝਿਆ ਜਾਵੇ।''

ਉਨ੍ਹਾਂ ਨੇ ਅਪਣੀ ਇਸ ਪੋਸਟ ਵਿਚ ਆਪਣੇ ਕਰੀਅਰ ਦੇ ਤਮਾਮ ਉਤਾਰ-ਚੜਾਅ ਨੂੰ 'ਮੈਂ ਪਲ ਦੋ ਪਲ ਦਾ ਸ਼ਾਇਰ ਹੂ' ਗਾਣੇ ਨਾਲ ਬੜੇ ਹੀ ਖੂਬਸੂਰਤ ਅੰਦਾਜ਼ ਵਿਚ ਦਿਖਾਇਆ। ਵਿਸ਼ਵ ਕ੍ਰਿਕਟ ਵਿਚ ਵੀ ਮਹਿੰਦਰ ਸਿੰਘ ਧੋਨੀ ਇਕੱਲੇ ਅਜਿਹੇ ਕਪਤਾਨ ਹਨ, ਜਿਨ੍ਹਾਂ ਨੇ ਆਈ. ਸੀ. ਸੀ. ਦੀਆਂ ਤਿੰਨੋਂ ਵਡੀਆਂ ਟ੍ਰਾਫੀਆਂ 'ਤੇ ਕਬਜ਼ਾ ਜਮਾਇਆ ਹੈ। ਧੋਨੀ ਦੀ ਕਪਤਾਨੀ ਵਿਚ ਭਾਰਤ ਆਈ. ਸੀ. ਸੀ. ਦੀ ਵਿਸ਼ਵ-ਟੀ-20 (2007), ਕ੍ਰਿਕਟ ਵਿਸ਼ਵ ਕੱਪ (2011 ਵਿਚ) ਅਤੇ ਆਈ. ਸੀ. ਸੀ. ਚੈਂਪੀਅਨਸ ਟ੍ਰਾਫੀ (2013 ਵਿਚ) ਦਾ ਖਿਤਾਬ ਜਿੱਤ ਚੁੱਕਿਆ ਹੈ।

ਧੋਨੀ ਨੇ ਭਾਰਤ ਵਲੋਂ 350 ਇਕ ਦਿਨਾਂ ਖੇਡੇ ਹਨ, ਜਿਨ੍ਹਾਂ 'ਚ ਉਨ੍ਹਾਂ ਨੇ 50 ਤੋਂ ਜ਼ਿਆਦਾ ਦੀ ਔਸਤ ਨਾਲ 10,773 ਦੌੜਾਂ ਬਣਾਈਆਂ। ਇਕ ਦਿਨਾਂ ਕ੍ਰਿਕਟ 'ਚ ਧੋਨੀ ਨੇ 10 ਸੈਂਕੜੇ ਅਤੇ 73 ਅਰਧ ਸੈਂਕੜੇ ਬਣਾਏ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਕਟ-ਕੀਪਰ ਦੇ ਤੌਰ 'ਤੇ 321 ਕੈਚ ਫੜੇ ਅਤੇ 123 ਖਿਡਾਰੀਆਂ ਨੂੰ ਸਟੰਪ ਆਊਟ ਕੀਤਾ।

 

ਉਥੇ ਟੀ-20 ਕ੍ਰਿਕਟ ਵਿਚ ਧੋਨੀ ਨੇ ਭਾਰਤ ਵਲੋਂ 98 ਮੈਚ ਖੇਡੇ, ਜਿਸ ਵਿਚ ਉਨ੍ਹਾਂ ਨੇ 37 ਤੋਂ ਜ਼ਿਆਦਾ ਔਸਤ ਨਾਲ 1617 ਦੌੜਾਂ ਬਣਾਈਆਂ।  ਟੈਸਟ ਕ੍ਰਿਕਟ 'ਚ ਧੋਨੀ ਨੇ 2014 ਵਿਚ ਹੀ ਸੰਨਿਆਸ ਲੈ ਲਿਆ ਸੀ। 90 ਟੈਸਟ ਮੈਚਾਂ ਵਿਚ ਧੋਨੀ ਨੇ 38 ਤੋਂ ਜ਼ਿਆਦਾ ਦੀ ਔਸਤ ਨਾਲ 4876 ਦੌੜਾਂ ਬਣਾਈਆਂ। ਟੈਸਟ ਮੈਚਾਂ ਵਿਚ ਧੋਨੀ ਨੇ ਵਿਕੇਟ ਦੇ ਪਿੱਛੇ 256 ਕੈਚ ਫੜੇ ਅਤੇ 38 ਸਟੰਪ ਕੀਤੇ। ਬੱਲੇਬਾਜ਼ ਦੇ ਤੌਰ 'ਤੇ ਉਨ੍ਹਾਂ ਨੇ 6 ਸੈਂਕੜੇ ਅਤੇ 33 ਅਰਧ-ਸੈਂਕੜੇ ਜਮਾਏ।

ਧੋਨੀ ਤੋਂ ਬਾਅਦ ਸੁਰੇਸ਼ ਰੈਨਾ ਨੇ ਵੀ ਲਿਆ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ

ਨਵੀਂ ਦਿੱਲੀ, 16 ਅਗੱਸਤ : ਸਨਿਚਰਵਾਰ ਸ਼ਾਮ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਠੀਕ ਇਸ ਪੋਸਟ ਤੋਂ ਕੁਝ ਦੇਰ ਬਾਅਦ 33 ਸਾਲਾ ਸੁਰੇਸ਼ ਰੈਨਾ ਨੇ ਵੀ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ ਕਿ ਉਹ ਵੀ ਇਸ ਸਫਰ ਵਿਚ ਧੋਨੀ ਦੇ ਨਾਲ ਹਨ, ਮਤਲਬ ਉਨ੍ਹਾਂ ਨੇ ਵੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।

ਸੁਰੇਸ਼ ਰੈਨਾ ਨੇ ਭਾਰਤ ਲਈ 18 ਟੈਸਟ ਮੈਚ ਅਤੇ 226 ਇਕ ਦਿਨਾਂ ਮੈਚ ਤੋਂ ਇਲਾਵਾ ਕੁਲ 78 ਟੀ-20 ਮੈਚ ਖੇਡੇ ਹਨ। 226 ਇਕ ਦਿਨਾਂ ਮੈਚਾਂ ਵਿਚ ਰੈਨਾ ਨੇ 5 ਸੈਂਕੜਿਆਂ ਦੀ ਮਦਦ ਨਾਲ 5615 ਦੌੜਾਂ ਬਣਾਈਆਂ। ਟੀ-20 ਕ੍ਰਿਕਟ ਵਿਚ ਉਨ੍ਹਾਂ ਨੇ ਇਕ ਸੈਂਕੜੇ ਨਾਲ 1605 ਦੌੜਾਂ ਬਣਾਈਆਂ। ਉਥੇ ਟੈਸਟ ਮੈਚਾਂ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਅਤੇ 18 ਟੈਸਟ ਮੈਚਾਂ ਵਿਚ ਉਨ੍ਹਾਂ ਦੇ ਬੱਲੇ ਨਾਲ ਸਿਰਫ਼ 768 ਦੌੜਾਂ ਬਣੀਆਂ ਸਨ।