ਕਾਰ ਹੇਠ ਕੁੱਤਾ ਕੁਚਲਣ ਵਾਲੇ ਸਖ਼ਸ਼ ਬਾਰੇ ਹੋਏ ਸਨਸਨੀਖੇਜ਼ ਖੁਲਾਸੇ, ਘਰ 'ਚੋਂ ਮਿਲੇ ਵੱਡੀ ਗਿਣਤੀ ਕੁੱਤੇ!

ਏਜੰਸੀ

ਖ਼ਬਰਾਂ, ਪੰਜਾਬ

ਸਮਾਜ ਸੇਵੀ ਸੰਸਥਾ ਨੇ ਪੁਲਿਸ ਦੀ ਮਦਦ ਨਾਲ ਛਾਪੇਮਾਰੀ ਦੌਰਾਨ ਬਰਾਮਦ ਕੀਤੇ ਕੁੱਤੇ

Dog Crush

ਅੰਮ੍ਰਿਤਸਰ : ਬੀਤੇ ਦਿਨੀਂ ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਸੀ, ਜਿਸ 'ਚ ਇਕ ਵਿਅਕਤੀ ਕੁੱਤੇ ਨੂੰ ਗੱਡੀ ਹੇਠ ਦੇ ਕੇ ਕੁਚਲ ਰਿਹਾ ਵਿਖਾਈ ਦਿੰਦਾ ਹੈ। ਇਸ ਨੂੰ ਲੈ ਕੇ ਕਾਫ਼ੀ ਰੌਲਾ ਪਿਆ ਸੀ। ਇੱਥੋਂ ਤਕ ਕਿ ਕੇਂਦਰੀ ਮੰਤਰੀ ਮੇਨਿਕਾ ਗਾਂਧੀ ਨੇ ਵੀ ਟਵੀਟ ਜ਼ਰੀਏ ਦੋਸ਼ੀ ਵਿਅਕਤੀ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਸੀ। ਇਸ ਸਬੰਧੀ ਪ੍ਰਸਿੱਧ ਅਦਾਕਾਰਾ ਟਵਿੱਕਲ ਖੰਨਾ ਨੇ ਵੀ ਵੀਡੀਓ ਸ਼ੇਅਰ ਕਰਦਿਆਂ ਨਿੰਦਾ ਕੀਤੀ।

ਇਸ ਤੋਂ ਇਲਾਵਾ ਵੱਡੀ ਗਿਣਤੀ ਸਮਾਜਿਕ ਜਥੇਬੰਦੀਆਂ ਸਮੇਤ ਵੱਖ ਵੱਖ ਸ਼ਖ਼ਸੀਅਤਾਂ ਨੇ ਇਤਰਾਜ਼ ਜਾਹਰ ਕੀਤਾ। ਇਸ ਤੋਂ ਬਾਅਦ ਅੰਮ੍ਰਿਤਸਰ ਦੀ ਇਕ ਸੰਸਥਾ ਵਲੋਂ ਗੱਡੀ ਮਾਲਕ ਦੀ ਪੈੜ ਨਪਦਿਆਂ ਪੁਲਿਸ ਦੀ ਮਦਦ ਨਾਲ ਉਸ ਦੇ ਘਰ 'ਚ ਛਾਪਾ ਮਾਰਿਆ ਗਿਆ। ਇਸ ਛਾਪੇਮਾਰੀ ਦੌਰਾਨ ਵੱਡੀ ਗਿਣਤੀ ਕੁੱਤੇ ਬਰਾਮਦ ਹੋਏ, ਜਿਨ੍ਹਾਂ ਦੀ ਹਾਲਤ ਤੇ ਗਿਣਤੀ ਵੇਖ ਕੇ ਸਭ ਦੇ ਹੋਸ਼ ਉਡ ਗਏ।

ਅਸਲ ਵਿਚ ਇਹ ਵਿਅਕਤੀ ਕੁੱਤਿਆਂ ਨੂੰ ਬੰਧਕ ਬਣਾ ਕੇ ਰੱਖਦਾ ਸੀ। ਇੰਨਾ ਹੀ ਨਹੀਂ, ਇਹ ਇਨ੍ਹਾਂ ਕੁੱਤਿਆਂ 'ਤੇ ਤਸ਼ੱਦਦ ਵੀ ਢਾਹੁਦਾ ਸੀ। ਇਸ ਵਿਅਕਤੀ ਤੋਂ ਬਰਾਮਦ ਹੋਏ ਕੁੱਤਿਆਂ ਨੂੰ ਅੰਮ੍ਰਿਤਸਰ ਦੀ ਇਕ ਸੰਸਥਾ 'ਚ ਪਹੁੰਚਾਇਆ ਗਿਆ ਹੈ, ਜਿੱਥੇ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿਚੋਂ ਕਈ ਕੁੱਤੇ ਬਿਮਾਰੀਆਂ ਦਾ ਸ਼ਿਕਾਰ ਹੋ ਚੁਕੇ ਹਨ ਜਿਨ੍ਹਾਂ ਦੀ ਹਾਲਤ ਕਾਫ਼ੀ ਤਰਸਯੋਗ ਬਣੀ ਹੋਈ ਹੈ।

ਸੰਸਥਾ ਦੇ ਮੈਂਬਰਾਂ ਮੁਤਾਬਕ ਉਨ੍ਹਾਂ ਨੇ ਇਹ ਵੀਡੀਓ ਵੇਖੀ, ਜਿਸ ਵਿਚ ਇਕ ਸਖ਼ਸ਼ ਕੁੱਤੇ 'ਤੇ ਗੱਡੀ ਚੜ੍ਹਾ ਕੇ ਉਸ ਨੂੰ ਕੁਚਲ ਦਿੰਦਾ ਹੈ। ਵੀਡੀਓ 'ਚ ਗੱਡੀ ਦਾ ਨੰਬਰ ਸਾਫ਼ ਵਿਖਾਈ ਦੇ ਰਿਹਾ ਸੀ। ਸੰਸਥਾ ਦੇ ਮੈਂਬਰਾਂ ਨੇ ਇਸ ਨੰਬਰ ਦੇ ਅਧਾਰ 'ਤੇ ਉਸ ਦੇ ਘਰ ਦਾ ਪਤਾ ਲਗਾ ਲਿਆ। ਇਸ ਤੋਂ ਬਾਅਦ ਸੰਸਥਾ ਦੇ ਮੈਂਬਰਾਂ ਨੇ ਪੁਲਿਸ ਦੀ ਮਦਦ ਨਾਲ ਘਰ 'ਤੇ ਛਾਪਾਮਾਰੀ ਕੀਤੀ। ਛਾਪੇ ਦੌਰਾਨ ਘਰ ਅੰਦਰੋਂ 12 ਕੁੱਤੇ ਤਰਸਯੋਗ ਹਾਲਤ 'ਚ ਬਰਾਮਦ ਕੀਤੇ ਗਏ।

ਸੰਸਥਾ ਮੁਤਾਬਕ ਉਕਤ ਵਿਅਕਤੀ ਨੂੰ ਪੁਲਿਸ ਦੇ ਛਾਪੇ ਸਬੰਧੀ ਪਹਿਲਾਂ ਹੀ ਪਤਾ ਲੱਗ ਗਿਆ ਜਿਸ ਤੋਂ ਬਾਅਦ ਉਸ ਨੇ ਕੁੱਝ ਕੁੱਤਿਆਂ ਨੂੰ ਛੱਤ ਤੋਂ ਹੇਠਾਂ ਸੁੱਟ ਦਿਤਾ। ਇਸ ਕਾਰਨ ਕੁੱਝ ਕੁੱਤਿਆਂ ਦੀ ਮੌਤ ਹੋ ਗਈ ਜਦਕਿ ਤਿੰਨ ਕੁੱਤਿਆਂ ਨੂੰ ਲੈ ਕੇ ਭੱਜਣ 'ਚ ਸਫ਼ਲ ਹੋ ਗਿਆ। ਸੰਸਥਾ ਦੇ ਮੈਂਬਰਾਂ ਮੁਤਾਬਕ ਘਰ 'ਚੋਂ 12 ਕੁੱਤੇ ਰੈਸਕਿਊ ਕਰ ਕੇ ਅੰਮ੍ਰਿਤਸਰ ਲਿਆਂਦੇ ਗਏ ਹਨ। ਸੰਸਥਾ ਮੁਤਾਬਕ ਇਹ ਵਿਅਕਤੀ ਕੁੱਤਿਆਂ ਦਾ ਧੰਦਾ ਕਰਦਾ ਸੀ। ਇਹ ਵਿਅਕਤੀ ਕੁੱਤਿਆਂ ਦੇ ਬੱਚਿਆਂ ਨੂੰ ਅੱਗੇ ਵੇਚ ਦਿੰਦਾ ਅਤੇ ਪੈਸਿਆਂ ਖ਼ਾਤਰ ਉਨ੍ਹਾਂ 'ਤੇ ਤਸ਼ੱਦਦ ਵੀ ਢਾਹੁੰਦਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।