ਲਾਵਰਿਸ ਹਾਲਤ 'ਚ ਦੁਨੀਆਂ ਤੋਂ ਰੁਖਸਤ ਹੋਈ ਵੱਡੇ ਅਫ਼ਸਰਾਂ ਦੀ ਮਾਂ, ਹੁਣ ਪੁੱਤਰ ਨੇ ਇੰਝ ਦਿਤੀ ਸਫ਼ਾਈ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਮਾਂ ਦੀ ਬਦਤਰ ਹਾਲਤ 'ਤੇ ਖੇਦ ਹੈ, ਪਰ ਜ਼ਿੰਮੇਵਾਰ ਉਹ ਭਰਾ ਤੇ ਭੈਣ ਹਨ ਜਿਨ੍ਹਾਂ ਕੋਲ ਰਹਿ ਰਹੀ ਸੀ''!

Elderly Mother

ਫ਼ਰੀਦਕੋਟ : ਹਰ ਇਨਸਾਨ ਅਪਣੀ ਔਲਾਦ ਨੂੰ ਬੁਢਾਪੇ ਦੀ ਡੰਗੋਰੀ ਸਮਝ ਪਾਲਦਾ-ਪੋਸਦਾ ਤੇ ਪੜ੍ਹਾ ਲਿਖਾ ਕੇ ਕਾਬਲ ਬਣਾਉਂਦਾ ਹੈ। ਪਰ ਅਜੋਕੇ ਸਵਾਰਥੀ ਯੁੱਗ ਅੰਦਰ ਅਜਿਹੇ ਸੁਪਨੇ ਅਧਵਾਟੇ ਟੁਟਦੇ ਵਿਖਾਈ ਦੇ ਰਹੇ ਹਨ। ਅੱਜ ਹਾਲਤ ਇਹ ਹੈ ਕਿ ਜਿਨ੍ਹਾਂ ਨੂੰ ਮਾਪੇ ਬੁਢਾਪੇ ਦੀ ਡੰਗੋਰੀ ਸਮਝ ਪਾਲਦੇ-ਪੋਸਦੇ ਰਹੇ, ਉਨ੍ਹਾਂ ਨੇ ਬੁਢਾਪੇ ਦੀ ਡੰਗੋਰੀ ਤਾਂ ਕੀ ਬਣਨਾ ਸੀ, ਸਗੋਂ ਉਹ ਤਾਂ ਦਹਾਕਿਆਂ ਤਕ ਉਨ੍ਹਾਂ ਦੇ ਦਰਸ਼ਨ ਕਰਨ ਦਾ ਵੀ ਵਕਤ ਨਹੀਂ ਕੱਢ ਪਾਉਂਦੇ।

ਅਜਿਹਾ ਹੀ ਇਕ ਮਾਮਲਾ ਪਿਛਲੇ ਦਿਨੀਂ ਫ਼ਰੀਦਕੋਟ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਵੱਡੇ ਅਫ਼ਸਰਾਂ ਦੀ ਮਾਂ ਲਾਵਾਰਿਸ ਅਤੇ ਬਦਤਰ ਹਾਲਤ ਵਿਚ ਮਿਲੀ ਸੀ। ਮਾਤਾ ਨੂੰ ਸਮਾਜ ਸੇਵੀਆਂ ਨੇ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਹ ਇਸ ਦੁਨੀਆਂ ਤੋਂ ਰੁਖਸਤ ਹੋ ਗਈ। ਇਹ ਮਾਤਾ ਫ਼ਰੀਦਕੋਟ ਦੇ ਬੂੜਾ ਗੁੱਜਰ ਰੋਡ 'ਤੇ ਮਿੱਟੀ ਦੇ ਗਾਰੇ ਨਾਲ ਖੜੀਆਂ ਕੀਤੀਆਂ 2-2 ਫੁੱਟ ਦੀਆਂ ਕੰਧਾਂ ਦੇ ਸਹਾਰੇ ਦਿਨ ਕਟੀ ਕਰ ਰਹੀ ਸੀ। ਇਸ ਬੀਬੀ ਦੀ ਅਖੀਰੀ ਹਾਲਤ ਇੰਨੀ ਮਾੜੀ ਸੀ ਕਿ ਉਸ ਦੇ ਸਰੀਰ 'ਚ ਕੀੜੇ ਪੈਣੇ ਸ਼ੁਰੂ ਹੋ ਚੁੱਕੇ ਸਨ।

ਗੱਲ ਜੇਕਰ ਕੇਵਲ ਇਕ ਬਜ਼ੁਰਗ ਦੇ ਬਦਤਰ ਹਾਲਤ 'ਚ ਮਿਲਣ ਤਕ ਸੀਮਤ ਹੁੰਦੀ ਤਾਂ ਏਨਾ ਰੌਲਾ ਨਹੀਂ ਸੀ ਪੈਣਾ, ਪਰ ਇਹ ਬੀਬੀ ਤਾਂ ਵੱਡੇ ਅਫ਼ਸਰਾਂ ਦੀ ਜਨਣੀ ਸੀ, ਜੋ ਵੱਡੇ ਸਰਕਾਰੀ ਅਹੁਦਿਆਂ 'ਤੇ ਬਿਰਾਜਮਾਨ ਹੋਣ ਦੇ ਨਾਲ-ਨਾਲ ਸਿਆਸਤ 'ਚ ਵੀ ਵੱਡਾ ਨਾਮ ਰੱਖਦੇ ਹਨ। ਇਸ ਬਜ਼ੁਰਗ ਦੇ ਦੋ ਪੁੱਤਰ ਹਨ ਜੋ ਵੱਡੇ ਅਹੁਦਿਆਂ 'ਤੇ ਤੈਨਾਤ ਸਨ।

ਇਕ ਪੁੱਤਰ ਐਕਸਾਈਜ਼ ਵਿਭਾਗ 'ਚੋਂ ਰਿਟਾਇਰ ਹੋਇਆ ਹੈ ਜਦਕਿ ਦੂਜਾ ਚੰਗੇ ਸਿਆਸੀ ਰੁਤਬੇ ਵਾਲਾ ਹੈ। ਇਸ ਬੀਬੀ ਦੀ ਧੀ ਸਿੱਖਿਆ ਵਿਭਾਗ 'ਚ ਤੈਨਾਤ ਹੈ। ਇੰਨਾ ਹੀ ਨਹੀਂ, ਇਸ ਦੀ ਪੋਤਰੀ ਐਸ.ਡੀ.ਐਮ ਵਰਗੇ ਵੱਕਾਰੀ ਅਹੁਦੇ 'ਤੇ ਤੈਨਾਤ ਹੈ। ਇੰਨੇ ਵੱਡੇ ਅਹੁਦਿਆਂ 'ਤੇ ਤੈਨਾਤ ਅਤੇ ਸਰਦੇ-ਪੁਜਦੇ ਪੁੱਤਰਾਂ ਅਤੇ ਧੀਆਂ ਕੋਲ ਅਪਣੀ ਮਾਂ ਲਈ ਸਮਾਂ ਨਾ ਹੋਣਾ, ਕਈ ਸਵਾਲ ਖੜ੍ਹੇ ਕਰਦਾ ਹੈ, ਜਿਸ ਸਬੰਧੀ ਮੀਡੀਆ 'ਚ ਵੱਡੀ ਚਰਚਾ ਚੱਲ ਰਹੀ ਹੈ।

ਇਸ ਮਾਤਾ ਦੇ ਇਕ ਪੁੱਤਰ ਨੇ ਹੁਣ ਮੀਡੀਆ ਸਾਹਮਣੇ ਆ ਕੇ ਅਪਣੀ ਸਫ਼ਾਈ ਦਿੰਦਿਆਂ ਇਸ ਸਬੰਧੀ ਪਛਤਾਵਾ ਜਾਹਰ ਕੀਤਾ ਹੈ। ਅਭਾਗੀ ਮਾਤਾ ਦੇ ਪੁੱਤਰ ਰਾਜਿੰਦਰ ਸਿੰਘ ਰਾਜਾ ਨੇ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਮੈਂ ਪਿਛਲੇ 32-33 ਸਾਲਾਂ ਤੋਂ ਅਪਣੇ ਭੈਣ-ਭਰਾਵਾਂ ਤੋਂ ਵੱਖ ਰਹਿ ਰਿਹਾ ਹਾਂ ਅਤੇ ਮੇਰੀ ਮਾਂ ਉਨ੍ਹਾਂ ਦੇ ਨਾਲ ਹੀ ਰਹਿੰਦੀ ਸੀ।

ਪਰ ਜੇਕਰ ਮੈਨੂੰ ਪਤਾ ਹੁੰਦਾ ਕਿ ਮੇਰੀ ਮਾਂ ਇਸ ਹਾਲਤ ਵਿਚ ਹੈ ਤਾਂ ਮੈਂ ਅਜਿਹਾ ਕਦੀ ਨਾ ਹੋਣ ਦਿੰਦਾ। ਹਾਲਾਂਕਿ ਮੈਂ ਇਸ ਘਟਨਾ ਨੂੰ ਲੈ ਕੇ ਦੋਸ਼ੀ ਨਹੀਂ ਹਾਂ, ਫਿਰ ਵੀ ਲੋਕ ਮੈਨੂੰ ਕੋਸ ਰਹੇ ਹਨ। ਮੇਰੇ ਭੈਣ-ਭਰਾ ਜ਼ਰੂਰ ਦੋਸ਼ੀ ਹਨ, ਕਿਉਂਕਿ ਉਹ ਉਨ੍ਹਾਂ ਦੇ ਨਾਲ ਰਹਿ ਰਹੀ ਸੀ ਪਰ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਫਿਰ ਵੀ ਮੈਂ ਖੁਦ ਨੂੰ ਵੀ ਦੋਸ਼ ਮੁਕਤ ਨਹੀਂ ਕਰਦਾ।''