28 ਦੇ ਵਿਧਾਨ ਸਭਾ ਸੈਸ਼ਨ ਵਿਚ ਮੈਂਬਰਾਂ ਵਿਚਕਾਰ ਫ਼ਾਸਲਾ ਰੱਖਣ ਲਈ ਗੈਲਰੀਆਂ ਵਰਤੀਆਂ ਜਾਣਗੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਮਿੰਦਰ ਢੀਂਡਸਾ ਫ਼ਿਲਹਾਲ ਬੈਠਣਗੇ ਅਕਾਲੀ ਦਲ ਵਿਚ

Punjab Vidhan Sabha

ਚੰਡੀਗੜ੍ਹ, 17 ਅਗੱਸਤ (ਜੀ.ਸੀ. ਭਾਰਦਵਾਜ) : ਸਾਰੇ ਮੁਲਕ ਵਿਚ ਕੋਰੋਨਾ ਦੇ ਪ੍ਰਕੋਪ ਦੇ ਚਲਦਿਆਂ ਜਿਵੇਂ ਸੰਵਿਧਾਨਕ ਲੋੜਾਂ ਨੂੰ ਮੁੱਖ ਰਖ ਕੇ 6 ਮਹੀਨੇ ਦੇ ਪਾੜੇ ਨੂੰ ਪੂਰਨ ਦੀ ਸ਼ਰਤ ਮੁਤਾਬਕ ਸੰਸਦ ਦੇ ਦੋਨਾਂ ਸਦਨਾਂ ਦਾ ਇਜਲਾਸ ਅਗਲੇ ਮਹੀਨੇ ਸ਼ੁਰੂ ਕਰਨ ਦੀਆਂ ਤਿਆਰੀਆਂ ਚਲ ਰਹੀਆਂ ਹਨ ਉਵੇਂ ਹੀ ਪੰਜਾਬ ਵਿਧਾਨ ਸਭਾ ਦਾ ਇਜਲਾਸ ਅਗਲੇ ਸ਼ੁਕਰਵਾਰ 28 ਅਗੱਸਤ ਤੋਂ ਸ਼ੁਰੂ ਕਰਨ ਲਈ ਪ੍ਰਬੰਧਾਂ ਦਾ ਜਾਇਜ਼ਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਲਿਆ।

ਪੰਜਾਬ ਵਿਧਾਨ ਸਭਾ ਦਾ ਪਿਛਲਾ ਇਜਲਾਸ ਚਾਰ ਮਾਰਚ ਨੂੰ ਖ਼ਤਮ ਹੋਇਆ ਸੀ ਅਤੇ ਤਿੰਨ ਸਤੰਬਰ ਤੋਂ ਪਹਿਲਾਂ ਪਹਿਲਾਂ ਅਗਲੇ ਸੈਸ਼ਨ ਦੀ ਪਹਿਲੀ ਬੈਠਕ ਬੁਲਾਉਣੀ ਜ਼ਰੂਰੀ ਹੈ। ਅੱਜ ਬਾਅਦ ਦੁਪਹਿਰ 3 ਵਜੇ ਵਿਡੀਉ ਰਾਹੀ ਹੋਈ ਮੰਤਰੀ ਮੰਡਲ ਦੀ ਬੈਠਕ ਨੇ ਫ਼ੈਸਲਾ ਲਿਆ ਕਿ ਮੌਜੂਦਾ ਵਿਧਾਨ ਸਭਾ ਦਾ 12ਵਾਂ ਸੈਸ਼ਨ 28 ਅਗੱਸਤ ਤੋਂ ਬੁਲਾਉਣ ਲਈ ਰਾਜਪਾਲ ਨੂੰ ਲਿਖਿਆ ਜਾਵੇ ਅਤੇ ਇਸ ਬਾਰੇ ਨੋਟੀਫ਼ਿਕੇਸ਼ਨ ਇਕ ਦੋ ਦਿਨ ਵਿਚ ਹੋ ਜਾਵੇਗੀ।

ਵਿਧਾਨ ਸਭਾ ਸਕਤਰੇਤ ਦੇ ਸੀਨੀਅਰ ਅਧਿਕਾਰੀਆਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਵੱਖ ਵੱਖ ਸਿਆਸੀ ਪਾਰਟੀਆਂ ਦੇ ਵਿਧਾਇਕਾਂ ਮੰਤਰੀਆਂ ਤੇ ਹੋਰ ਮੈਂਬਰਾਂ ਸਮੇਤ ਹੋਰ ਅਹੁਦੇਦਾਰਾਂ,
ਅਧਿਕਾਰੀਆਂ ਤੇ ਡਿਊਟੀ ਸਟਾਫ਼ ਤੇ ਸੁਰਖਿਆ ਅਮਲੇ ਦਰਮਿਆਨ ਦੂਰੀ ਕਾਇਮ ਰਖਣ ਬਾਰੇ ਪ੍ਰਬੰਧਾਂ ਦਾ ਜਾਇਜ਼ਾ ਸਪੀਕਰ ਰਾਣਾ ਕੇ.ਪੀ. ਸਿੰਘ ਲੈ ਚੁੱਕੇ ਹਨ।

ਇਹ ਵੀ ਪਤਾ ਲੱਗਾ ਹੈ ਕਿ ਕੋਰੋਨਾ ਗ੍ਰਸਤ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ, ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਤੇ ਇਕ ਦੋ ਹੋਰ ਮੈਂਬਰ ਇਹ ਛੋਟਾ ਜਿਹਾ ਸੈਸ਼ਨ ਅਟੈਂਡ ਨਹੀਂ ਕਰਨਗੇ। ਅਧਿਕਾਰੀਆਂ ਨੇ ਦਸਿਆ ਕਿ ਹਾਲ ਅੰਦਰ ਕੁਲ 100 ਬੈਂਚ ਹਨ ਜਿਨ੍ਹਾਂ ਉਪਰ ਇਕ-ਇਕ ਮੈਂਬਰ ਹੀ ਬੈਠੇਗਾ ਅਤੇ ਲੋੜ ਮੁਤਾਬਕ ਵਾਧੂ ਸੀਟਾਂ ਵਾਸਤੇ ਜਾਂ ਤਾਂ ਗੈਲਰੀਆਂ ਦੀ ਵਰਤੋਂ ਕੀਤੀ ਜਾਵੇਗੀ ਜਾਂ ਫਿਰ ਹੋਰ ਸੀਟਾਂ ਆਰਜ਼ੀ ਤੌਰ 'ਤੇ ਫਿਕਸ ਕਰ ਦਿਤੀਆਂ ਜਾਣਗੀਆਂ।

ਪਿਛਲੇ ਸਾਲ ਸ਼੍ਰੋਮਣੀ ਅਕਾਲੀ ਦਲ ਨੂੰ ਛਡ ਚੁੱਕੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵੀ ਨਵੀਂ ਸੀਟ ਬਤੌਰ ਆਜ਼ਾਦ ਵਿਧਾਇਕ ਬਾਰੇ ਵਿਧਾਨ ਸਭਾ ਅਧਿਕਾਰੀ ਨੇ ਦਸਿਆ ਕਿ ਹਾਊਸ ਅੰਦਰ ਅਕਾਲੀ ਦਲ ਦੇ ਵਿਧਾਨਕਾਰ ਗਰੁਪ ਨੇਤਾ ਸ਼ਰਨਜੀਤ ਢਿੱਲੋਂ ਨੇ ਅਜੇ ਤਕ ਇਸ ਬਾਰੇ ਕੋਈ ਲਿਖਤੀ ਜੁਆਬ ਨਹੀਂ ਦਿਤਾ ਅਤੇ ਰਿਕਾਰਡ ਮੁਤਾਬਕ ਪਰਮਿੰਦਰ ਢੀਂਡਸਾ ਅਜੇ ਵੀ ਪੁਰਾਣੀ ਪਾਰਟੀ ਵਿਚ ਹੀ ਹਨ।
ਉਨ੍ਹਾਂ ਦਸਿਆ ਕਿ ਆਮ ਆਦਮੀ ਪਾਰਟੀ ਦੇ 4 ਵਿਧਾਇਕ ਸੁਖਪਾਲ ਖਹਿਰਾ, ਅਮਰਜੀਤ ਸੰਦੋਆ, ਬਲਦੇਵ ਜੈਤੋਂ ਅਤੇ ਨਾਜਰ ਮਾਨਸ਼ਾਹੀਆ ਜਿਨ੍ਹਾਂ ਦਾ ਮਾਮਲਾ ਅਜੇ ਸਪੀਕਰ ਪਾਸ ਲੰਬਿਤ ਪਿਆ ਹੈ ਉਹ ਵੀ ਵਿਰਧੀ ਧਿਰ ਆਪ ਵਾਲੇ ਗਰੁਪ ਵਿਚ ਹੀ ਬੈਠਣਗੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਅੱਜ ਮੰਤਰੀ ਮੰਡਲ ਦੀ ਬੈਠਕ ਨੇ ਇਹ ਫ਼ੈਸਲਾ ਲਿਆ ਹੈ ਕਿ 28 ਤਰੀਕ ਦੇ ਇਕ ਦਿਨਾ ਸੈਸ਼ਨ ਦੀਆਂ ਕੇਵਲ ਦੋ ਹੀ ਬੈਠਕਾਂ ਸਵੇਰੇ ਸ਼ਾਮ ਹੋਣਗੀਆਂ।