ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸਿਹਤ ਪੈਕਜਾਂ ਨੂੰ 1393 ਤੋਂ ਵਧਾ ਕੇ 1579 ਕੀਤਾ : ਸਿੱਧੂ
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸਿਹਤ ਪੈਕਜਾਂ ਨੂੰ 1393 ਤੋਂ ਵਧਾ ਕੇ 1579 ਕੀਤਾ : ਸਿੱਧੂ
ਚੰਡੀਗੜ੍ਹ, 19 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਸੂਬੇ ਦੇ ਲੋਕਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ (ਐੈਸ.ਐਸ.ਬੀ.ਵਾਈ) ਦੇ ਵੱਧ ਤੋਂ ਵੱਧ ਲਾਭ ਦੇਣ ਨੂੰ ਯਕੀਨੀ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿਹਤ ਪੈਕਜਾਂ ਨੂੰ 1393 ਤੋਂ ਵਧਾ ਕੇ 1579 ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਸਿਆ ਕਿ ਮੁੱਖ ਮੰਤਰੀ ਪੰਜਾਬ ਨੇ 20 ਅਗੱਸਤ 2019 ਨੂੰ ਇਸ ਪ੍ਰਮੁੱਖ ਸਕੀਮ ਦੀ ਸ਼ੁਰੂਆਤ ਕੀਤੀ ਸੀ ਅਤੇ ਥੋੜ੍ਹੇ ਸਮੇਂ ਵਿਚ ਹੀ ਪੰਜਾਬ ਵਿਚ ਐੈਸ.ਐਸ.ਬੀ.ਵਾਈ. ਤਹਿਤ ਦਿਤੀਆਂ ਜਾਂਦੀਆਂ ਇਲਾਜ ਸਹੂਲਤਾਂ ਲਈ ਭਰਵਾਂ ਹੁੰਗਾਰਾ ਵੇਖਿਆ ਗਿਆ।
ਉਨ੍ਹਾਂ ਕਿਹਾ ਕਿ ਇਸ ਸਾਲ ਯੋਜਨਾ ਨੂੰ ਹੋਰ ਬਿਹਤਰ ਬਣਾਉਣ ਅਤੇ ਲਾਭਪਾਤਰੀਆਂ ਨੂੰ ਵਧੇਰੇ ਸਹੂਲਤਾਂ ਪ੍ਰਦਾਨ ਕਰਨ ਲਈ ਸਿਹਤ ਪੈਕੇਜਾਂ ਦੀ ਗਿਣਤੀ ਵਿਚ ਵਾਧਾ ਕੀਤਾ ਗਿਆ ਹੈ ਤਾਂ ਜੋ ਸਮਾਜ ਦੇ ਹਰ ਖੇਤਰ ਦੇ ਲੋੜਵੰਦ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਯਕੀਨੀ ਤੌਰ 'ਤੇ ਮੁਹਈਆ ਕਰਵਾਈਆਂ ਜਾ ਸਕਣ। ਜੇ ਇਸ ਸਕੀਮ ਅਧੀਨ ਸੂਚੀਬਧ ਹਸਪਤਾਲਾਂ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਪੰਜਾਬ ਉਨ੍ਹਾਂ ਪ੍ਰਮੁੱਖ ਰਾਜਾਂ ਵਿਚੋਂ ਇਕ ਹੈ ਜਿਥੇ ਇਸ ਯੋਜਨਾ ਦੇ ਪਹਿਲੇ ਸਾਲ ਵਿਚ ਰਾਜ ਸਿਹਤ ਏਜੰਸੀ ਦੁਆਰਾ 767 ਹਸਪਤਾਲਾਂ ਨੂੰ ਸੂਚੀਬਧ ਕੀਤਾ ਗਿਆ। ਇਨ੍ਹਾਂ ਹਸਪਤਾਲਾਂ ਵਿਚ ਲਾਭਪਾਤਰੀਆਂ ਨੂੰ ਦੂਜੇ ਅਤੇ ਤੀਜੇ ਪੱਧਰ ਦੇ ਮਿਆਰੀ ਇਲਾਜ ਮੁਫ਼ਤ ਦਿਤੇ ਜਾ ਰਹੇ ਹਨ। Balbir singh
ਇਕ ਸਾਲ ਦੌਰਾਨ ਲਾਭਪਾਤਰੀਆਂ ਨੂੰ ਦਿਤੇ ਲਾਭਾਂ ਦਾ ਹਵਾਲਾ ਦਿੰਦਿਆਂ ਸਿੱਧੂ ਨੇ ਦਸਿਆ ਕਿ ਲਗਭਗ 46 ਲੱਖ ਈ-ਕਾਰਡ ਜਾਰੀ ਕੀਤੇ ਗਏ ਹਨ ਅਤੇ 3.80 ਲੱਖ ਮਰੀਜ਼ਾਂ ਦਾ 453 ਕਰੋੜ ਰੁਪਏ ਦੀ ਲਾਗਤ ਨਾਲ ਇਲਾਜ ਕੀਤਾ ਗਿਆ। ਰਿਕਾਰਡ ਮੁਤਾਬਕ ਐੈਸ.ਐਸ.ਬੀ.ਵਾਈ ਤਹਿਤ 6600 ਤੋਂ ਵੱਧ ਦਿਲ ਦੇ ਅਪ੍ਰੇਸ਼ਨ ਕੀਤੇ ਗਏ। ਇਸੇ ਤਰ੍ਹਾਂ ਇਕ ਸਾਲ ਦੌਰਾਨ ਬਜ਼ੁਰਗਾਂ ਦੇ 3900 ਜੋੜਾਂ ਦੇ ਆਪ੍ਰੇਸ਼ਨ ਕੀਤੇ ਗਏ ਅਤੇ 9000 ਕੈਂਸਰ ਦੇ ਮਰੀਜ਼ਾਂ ਦਾ ਇਲਾਜ ਹੋਇਆ ਹੈ।
ਰਾਜ ਸਿਹਤ ਏਜੰਸੀ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਬੀਮਾ ਯੋਜਨਾ ਨੂੰ ਲਾਗੂ ਕਰਨ ਵਿਚ ਪੰਜਾਬ ਦੇਸ਼ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਸੂਬਾ ਬਣ ਗਿਆ ਹੈ ਕਿਉਂਕਿ ਰਾਜ ਵਿੱਚ ਐਸ.ਐਸ.ਬੀ.ਵਾਈ. ਅਧੀਨ ਹਰ ਰੋਜ਼ ਔਸਤਨ 1600 ਦਾਖ਼ਲੇ ਦਰਜ ਕੀਤੇ ਗਏ ਹਨ। ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸਕੀਮ ਦੇ ਦਾਇਰੇ ਵਿੱਚ ਨਵੇਂ ਲਾਭਪਾਤਰੀਆਂ ਨੂੰ ਲਿਆਉਣ ਲਈ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ।