ਪੰਜਾਬ ਦੀ ਆਰਥਿਕਤਾ ਮੁੜ ਲੀਂਹ 'ਤੇ ਆਉਣ ਤਕ ਮੈਂ ਚੈਨ ਨਾਲ ਨਹੀਂ ਬੈਠਾਂਗਾ : ਕੈਪਟਨ ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰੀ ਖੇਤਰ ਦੀਆਂ ਇਕ ਲੱਖ ਨੌਕਰੀਆਂ ਸਣੇ ਕੁੱਲ ਛੇ ਲੱਖ ਨੌਕਰੀਆਂ ਦਾ ਕੀਤਾ ਐਲਾਨ

Capt. Amarinder Singh

ਐਸ.ਏ.ਐਸ. ਨਗਰ, 15 ਅਗੱਸਤ (ਸੁਖਦੀਪ ਸਿੰਘ ਸੋਈਂ) : ਸੂਬੇ ਦੀ ਅਰਥਵਿਵਸਥਾ ਨੂੰ ਮੁੜ ਵਿਕਾਸ ਦੀ ਲੀਹ 'ਤੇ ਲਿਆਉਣ ਤਕ ਅਰਾਮ ਨਾ ਕਰਨ ਦਾ ਸੰਕਲਪ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿਚਰਵਾਰ ਨੂੰ ਲੋਕਾਂ ਦੀ ਭਲਾਈ ਵਾਲੀਆਂ ਕਈ ਯੋਜਨਾਵਾਂ ਦਾ ਐਲਾਨ ਕੀਤਾ। ਸਰਕਾਰੀ ਖੇਤਰ ਵਿਚ ਇਕ ਲੱਖ ਨੌਕਰੀਆਂ ਸਣੇ ਕੁੱਲ ਛੇ ਲੱਖ ਨੌਜਵਾਨਾਂ ਨੂੰ ਆਉਂਦੇ ਦੋ ਸਾਲਾਂ ਵਿਚ ਨੌਕਰੀਆਂ ਦਿਤੀਆਂ ਜਾਣਗੀਆਂ।

ਅਪਣੇ ਆਜ਼ਾਦੀ ਦਿਹਾੜੇ ਦੇ ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ 50,000 ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਵਿੱਤੀ ਸਾਲ 2021 ਅਤੇ ਹੋਰ 50,000 ਨੌਕਰੀਆਂ ਵਿੱਤੀ ਸਾਲ 2022 ਦੌਰਾਨ ਦਿਤੀਆਂ ਜਾਣਗੀਆਂ। ਉਨ੍ਹਾਂ ਪ੍ਰਾਈਵੇਟ ਖੇਤਰ ਵਿਚ 50,000 ਨੌਜਵਾਨਾਂ ਦੀ ਪਲੇਸਮੈਂਟ ਦੇ ਟੀਚੇ ਨਾਲ ਅਗਲੇ ਮਹੀਨੇ ਵਰਚੁਅਲ ਮੈਗਾ ਜੌਬ ਮੇਲੇ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਸ਼ੁਰੂ ਕੀਤੀ ਅਹਿਮ ਯੋਜਨਾ 'ਘਰ ਘਰ ਰੁਜ਼ਗਾਰ ਸਕੀਮ' ਤਹਿਤ ਹੁਣ ਤਕ 13.60 ਲੱਖ ਨੌਜਵਾਨਾਂ ਨੂੰ ਰੋਜ਼ਗਾਰ/ਸਵੈ-ਰੁਜ਼ਗਾਰ ਮੁਹੱਈਆ ਕਰਵਾਇਆ ਜਾ ਚੁੱਕਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਉਨ੍ਹਾਂ ਦੀ ਸਰਕਾਰ ਬੇਜ਼ਮੀਨੇ ਕਿਸਾਨਾਂ ਤੇ ਕਿਰਤੀਆਂ ਦਾ 520 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਰਜ਼ਾ ਮੁਆਫੀ ਸਕੀਮ ਤਹਿਤ ਹੁਣ ਤਕ 5.62 ਲੱਖ ਕਿਸਾਨਾਂ ਦਾ 4700 ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜਲਦੀ ਹੀ ਕਿਸਾਨਾਂ ਦੀ ਮਾਲਕੀ ਵਾਲੀ ਜ਼ਮੀਨ ਦੀ ਰੱਖਿਆ ਅਤੇ ਖੇਤੀਬਾੜੀ ਜ਼ਮੀਨ ਉਤੇ ਕਿਰਾਏਦਾਰਾਂ ਦੇ ਅਧਿਕਾਰਾਂ ਸਬੰਧੀ ਨਵਾਂ ਲੈਂਡ ਲੀਜਿੰਗ ਕਾਨੂੰਨ ਲੈ ਕੇ ਆ ਰਹੀ ਹੈ।

ਸੂਬੇ ਦੇ ਬੁਨਿਆਦੀ ਢਾਂਚੇ ਨੂੰ ਹੋਰ ਅੱਗੇ ਹੁਲਾਰਾ ਦੇਣ ਲਈ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਗਲੇ ਦੋ ਸਾਲਾਂ ਵਿੱਚ 12000 ਕਰੋੜ ਰੁਪਏ ਦੀ ਲਾਗਤ ਨਾਲ 1300 ਕਿਲੋਮੀਟਰ ਦੀਆਂ ਸੂਬਾਈ ਤੇ ਕੌਮੀ ਸੜਕਾਂ ਬਣਾਈਾਂ ਜਾਣਗੀਆਂ। ਇਸ ਦੇ ਨਾਲ ਹੀ ਪਿਛਲੇ ਤਿੰਨ ਸਾਲਾਂ ਵਿੱਚ 3278 ਕਰੋੜ ਰੁਪਏ ਦੀ ਲਾਗਤ ਨਾਲ 28830 ਕਿਲੋਮੀਟਰ ਪੇਂਡੂ ਸੜਕਾਂ ਦਾ ਪਹਿਲਾਂ ਹੀ ਮੁਰੰਮਤ ਹੋ ਚੁੱਕੀ ਹੈ। ਅਗਲੇ ਦੋ ਸਾਲਾਂ ਵਿੱਚ 834 ਕਰੋੜ ਰੁਪਏ ਦੇ ਨਿਵੇਸ਼ ਨਾਲ 6162 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਹੋਵੇਗੀ। ਇਸ ਤੋਂ ਇਲਾਵਾ 82 ਕਰੋੜ ਰੁਪਏ ਦੀ ਲਾਗਤ ਨਾਲ ਹੋਰ 17000 ਕਿਲੋਮੀਟਰ ਲਿੰਕ ਸੜਕਾਂ ਦੀ ਰਿਪੇਅਰ ਕੀਤੀ ਜਾਵੇਗੀ।

ਪੰਜਾਬ ਦੀ ਖੇਡ ਖੇਤਰ ਵਿਚ ਗੁਆਚੀ ਹੋਈ ਸ਼ਾਨ ਮੁੜ ਬਹਾਲ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਦੋ ਸਾਲਾਂ ਵਿੱਚ ਸੂਬੇ ਭਰ ਵਿਚ 750 ਪੇਂਡੂ ਖੇਡ ਸਟੇਡੀਅਮ ਬਣਾਏ ਜਾਣਗੇ। ਉਨ੍ਹਾਂ ਅਗਲੇ ਦੋ ਸਾਲਾਂ ਲਈ 2500 ਕਰੋੜ ਰੁਪਏ ਦੇ ਨਿਵੇਸ਼ ਵਾਲੀ ਸਮਾਰਟ ਪੇਂਡੂ ਮੁਹਿੰਮ ਦੇ ਦੂਜੇ ਪੜਾਅ ਦਾ ਐਲਾਨ ਕੀਤਾ। ਇਸ ਯੋਜਨਾ ਦੇ ਪਹਿਲੇ ਪੜਾਅ ਵਿੱਚ 835 ਕਰੋੜ ਰੁਪਏ ਦੀ ਲਾਗਤ ਨਾਲ ਪਿੰਡਾਂ ਵਿੱਚ 19132 ਕੰਮ ਮੁਕੰਮਲ ਹੋ ਚੁੱਕੇ ਹਨ। ਸਾਰੀ ਪੇਂਡੂ ਵਸੋਂ ਨੂੰ ਅਗਲੇ ਦੋ ਸਾਲਾਂ ਅੰਦਰ ਪੀਣਯੋਗ ਪਾਣੀ ਮਿਲੇਗਾ ਜਿਸ ਉਪਰ 1200 ਕਰੋੜ ਰੁਪਏ ਖਰਚੇ ਜਾਣਗੇ।

ਮੁਹਾਲੀ ਜ਼ਿਲ੍ਹੇ ਲਈ ਦੋ ਵੱਡੇ ਪ੍ਰਾਜੈਕਟਾਂ ਦਾ ਵਰਚੁਅਲ ਉਦਘਾਟਨ

ਐਸ.ਏ.ਐਸ. ਨਗਰ, 15 ਅਗੱਸਤ (ਸੁਖਦੀਪ ਸਿੰਘ ਸੋਈਂ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਮੁਹਾਲੀ ਜ਼ਿਲੇ ਲਈ ਦੋ ਵੱਡੇ ਪ੍ਰਾਜੈਕਟਾਂ ਦੇ ਵਰਚੁਅਲ ਉਦਘਾਟਨ ਦਾ ਐਲਾਨ ਕੀਤਾ ਜਿਨ੍ਹਾਂ ਵਿਚ ਇਕ 66 ਕੇ.ਵੀ. ਸਬ ਸਟੇਸ਼ਨ ਅਤੇ ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ ਦੀ ਇਮਾਰਤ ਦੀ ਉਸਾਰੀ ਸ਼ਾਮਲ ਹੈ।

ਇਹ ਐਲਾਨ ਮੁੱਖ ਮੰਤਰੀ ਵਲੋਂ ਇਥੇ ਕਰਵਾਏ ਗਏ ਆਜ਼ਾਦੀ ਦਿਹਾੜੇ ਦੇ ਰਾਜ ਪਧਰੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤੇ ਗਏ। 66 ਕੇ.ਵੀ. ਸਬ ਸਟੇਸ਼ਨ-1 ਸੈਕਟਰ 82 ਦੀ ਆਈ.ਟੀ. ਸਿਟੀ ਮੁਹਾਲੀ-2 ਵਿਖੇ ਸਥਾਪਤ ਕੀਤਾ ਜਾਵੇਗਾ ਜਦੋਂ ਕਿ ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ ਦੀ ਇਮਾਰਤ ਸੈਕਟਰ 81 ਦੀ 'ਨਾਲੇਜ ਸਿਟੀ' ਵਿਖੇ 31 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਜਾ ਰਹੀ ਹੈ। ਮੁੱਖ ਮੰਤਰੀ ਨੇ ਅੱਗੇ ਦਸਿਆ ਕਿ ਇਸ ਇਮਾਰਤ ਦੀ ਉਸਾਰੀ ਹਾਲ ਹੀ ਵਿਚ ਲੋਕ ਨਿਰਮਾਣ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਹੈ ਅਤੇ ਬੇਸਮੈਂਟ ਉਤੇ ਕੰਮ ਚੱਲ ਰਿਹਾ ਹੈ।