ਕੈਪਟਨ ਅਕਾਲੀ ਦਲ ਨੂੰ ਵਿਰੋਧੀ ਧਿਰ ਵਜੋਂ ਪੇਸ਼ ਕਰਨ ਦੇ ਯਤਨਾਂ 'ਚ : ਭਗਵੰਤ ਮਾਨ
ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ਬਾਦਲਾਂ ਨੂੰ 'ਪ੍ਰਮੋਟ' ਕਰਨ ਦੇ ਦੋਸ਼ ਲਗਾਉਂਦਿਆਂ ਆਮ
ਬਠਿੰਡਾ, 14 ਅਗੱਸਤ (ਸੁਖਜਿੰਦਰ ਮਾਨ) : ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਪਰ ਬਾਦਲਾਂ ਨੂੰ 'ਪ੍ਰਮੋਟ' ਕਰਨ ਦੇ ਦੋਸ਼ ਲਗਾਉਂਦਿਆਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਦਾਅਵਾ ਕੀਤਾ ਕਿ ਦੋਵੇਂ ਧਿਰਾਂ ਮਿਲ ਕੇ ਸਰਕਾਰ ਚਲਾ ਰਹੀਆਂ ਹਨ। ਬਠਿੰਡਾ ਪੁੱਜੇ ਲੋਕ ਸਭਾ ਮੈਂਬਰ ਨੇ ਕਿਹਾ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਮਜਬੂਤ ਵਿਰੋਧੀ ਧਿਰ ਹੋਣ ਦੇ ਬਾਵਜੂਦ ਕੈਪਟਨ ਅਕਾਲੀਆਂ ਨੂੰ ਮੁੱਖ ਵਿਰੋਧੀ ਧਿਰ ਵਜੋਂ ਪੇਸ਼ ਕਰ ਰਿਹਾ ਹੈ ਤਾਂ ਕਿ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਇਆ ਜਾ ਸਕੇ।
ਸੰਖੇਪ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਾਨ ਨੇ ਕਿਹਾ ਕਿ ਜਦੋਂ ਆਪ ਸੂਬੇ ਵਿਚ ਕੋਈ ਪ੍ਰਦਰਸ਼ਨ ਕਰਦੀ ਹੈ ਤਾਂ ਉਨ੍ਹਾਂ ਦੇ ਆਗੂਆਂ ਤੇ ਵਰਕਰਾਂ ਵਿਰੁਧ ਪਰਚੇ ਦਰਜ ਕੀਤੇ ਜਾਂਦੇ ਹਨ ਪ੍ਰੰਤੂ ਅਕਾਲੀਆਂ ਵਾਰੀ ਇਹੀ ਸਰਕਾਰ ਚੁੱਪ ਕਰ ਜਾਂਦੀ ਹੈ। ਪਾਰਟੀ ਪ੍ਰਧਾਨ ਨੇ ਮੁੱਖ ਮੰਤਰੀ ਉਪਰ ਚੰਡੀਗੜ੍ਹ 'ਚ ਦੋ-ਦੋ ਸਰਕਾਰੀ ਰਿਹਾਇਸ਼ਾਂ ਹੋਣ ਦੇ ਬਾਵਜੂਦ ਪਿਛਲੇ ਪੰਜ ਮਹੀਨਿਆਂ ਤੋਂ ਪ੍ਰਾਈਵੇਟ ਫ਼ਾਰਮ ਹਾਊਸ 'ਚ ਰਹਿਣ 'ਤੇ ਵੀ ਸਵਾਲ ਖੜੇ ਕਰਦਿਆਂ ਦਾਅਵਾ ਕੀਤਾ ਕਿ ਅਜਿਹਾ ਸਿਸਵਾ ਦਾ ਖੇਤਰ ਪੰਜਾਬ ਪੁਲਿਸ ਦੇ ਅਧਿਕਾਰ ਹੇਠ ਹੋਣ ਕਾਰਨ ਕੀਤਾ ਗਿਆ ਹੈ।
ਉਨ੍ਹਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਤਰ੍ਹਾਂ ਸੂਬੇ 'ਚ ਨਸ਼ਾ, ਰੇਤਾ ਤੇ ਟ੍ਰਾਂਸਪੋਰਟ ਮਾਫ਼ੀਆ ਚਲਦਾ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਇਸਦੀ ਹਿੱਸੇਦਾਰੀ ਉਪਰ ਤਕ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਖੇਤੀ ਆਰਡੀਨੈਂਸਾਂ ਬਾਰੇ ਹਾਲੇ ਤਕ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦਾ ਸ਼ੈਸਨ ਨਹੀਂ ਬੁਲਾਇਆ। ਉਨ੍ਹਾਂ ਦਿੱਲੀ ਸਰਕਾਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅੱਜ ਦਿੱਲੀ ਵਿਚ ਕਰੋਨਾ ਮਰੀਜ਼ਾਂ ਦੀ ਠੀਕ ਹੋਣ ਦੀ ਦਰ 90 ਫ਼ੀ ਸਦੀ ਤਕ ਪੁੱਜ ਚੁੱਕੀ ਹੈ।
ਇਸੇ ਤਰ੍ਹਾਂ ਦਿੱਲੀ ਦੀ ਕੇਜ਼ਰੀਵਾਲ ਸਰਕਾਰ ਬਾਹਰੋਂ ਬਿਜਲੀ ਖ਼ਰੀਦ ਕੇ ਵੀ ਲੋਕਾਂ ਨੂੰ ਸਸਤੀ ਮੁਹਈਆਂ ਕਰਵਾ ਰਹੀ ਹੈ ਪ੍ਰੰਤੂ ਪੰਜਾਬ ਅਪਣੀ ਬਿਜਲੀ ਪੈਦਾ ਕਰ ਕੇ ਵੀ ਮਹਿੰਗੀ ਵੇਚ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ, ਸੀਨੀਅਰ ਆਗੂ ਅਨਿਲ ਠਾਕੁਰ, ਅੰਮ੍ਰਿਤ ਲਾਲ ਅਗਰਵਾਲ, ਮਨਜੀਤ ਸਿੰਘ ਮੋੜ, ਮਹਿੰਦਰ ਸਿੰਘ ਫ਼ੂਲੋਮਿੱਠੀ, ਗੁਰਲਾਲ ਸਿੰਘ, ਨੀਲ ਗਰਗ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।