ਆਜ਼ਾਦੀ 70 ਸਾਲਾਂ ਤੋਂ ਵੀ ਪੁਰਾਣੀ ਪਰ ਮੁਲਕ ਦੇ ਲੋਕ ਬੁਨਿਆਦੀ ਸਮੱਸਿਆਵਾਂ ਦੇ ਗ਼ੁਲਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਨੇ ਇਸ ਸਾਲ ਅਪਣਾ 74ਵਾਂ ਸਤੁੰਤਰਤਾ ਦਿਵਸ ਮਨਾਇਆ ਹੈ

Photo

ਸੰਗਰੂਰ, 16 ਅਗੱਸਤ (ਬਲਵਿੰਦਰ ਸਿੰਘ ਭੁੱਲਰ) : ਭਾਰਤ ਨੇ ਇਸ ਸਾਲ ਅਪਣਾ 74ਵਾਂ ਸਤੁੰਤਰਤਾ ਦਿਵਸ ਮਨਾਇਆ ਹੈ ਪਰ ਆਜ਼ਾਦੀ ਦੇ ਜਸ਼ਨ ਮਨਾਉਣ ਵਾਲੀ ਅਤੇ ਹੱਸ ਟੱਪ ਕੇ ਭੰਗੜੇ ਪਾਉਣ ਵਾਲੀ ਖੁਸ਼ੀ ਦੀ ਇਕ ਵੀ ਲਹਿਰ ਲੋਕਾਂ ਦੇ ਚਿਹਰਿਆਂ ’ਤੇ ਨਹੀਂ ਵੇਖੀ ਗਈ।

ਪਹਿਲਾਂ ਨੋਟਬੰਦੀ ਅਤੇ ਦੂਸਰੀ ਤਾਲਾਬੰਦੀ ਨੇ ਚੰਗੇ ਭਲੇ ਹਸਦੇ ਰਸਦੇ ਅਤੇ ਵਸਦੇ ਪ੍ਰਵਾਰਾਂ ਤੋਂ ਲਗਭਗ ਸਾਰੀਆਂ ਖੁਸ਼ੀਆਂ ਖੋਹ ਲਈਆਂ। ਕਾਰੋਬਾਰ ਅਤੇ ਵਪਾਰ ਬੰਦ ਹੋ ਜਾਣ ਨਾਲ ਜਿਥੇ ਦੇਸ਼ ਅੰਦਰ ਅਣਕਿਆਸੀ ਬੇਰੁਜ਼ਗਾਰੀ ਨੇ ਪੈਰ ਪਸਾਰੇ ਉਥੇ ਜਨ ਸਾਧਾਰਨ ਨੂੰ ਦੋ ਵੇਲੇ ਦੀ ਰੋਟੀ ਦਾ ਡਰ ਵੀ ਸਤਾਉਣ ਲੱਗ ਪਿਆ ਸੀ ਪਰ ਬਲਿਹਾਰੇ ਜਾਣ ਨੂੰ ਦਿਲ ਕਰਦਾ ਹੈ ਉਨ੍ਹਾਂ ਮਨੁੱਖ-ਹਿਤੈਸ਼ੀ ਮਰਦਾਂ ਅਤੇ ਅਣਥੱਕ ਯੋਧਿਆਂ ਦੇ, ਜਿਨ੍ਹਾਂ ਬੇਰੁਜ਼ਗਾਰੀ, ਬੇਯਕੀਨੀ ਅਤੇ ਭੁੱਖਮਰੀ ਦੇ ਇਸ ਮਾਹੌਲ ਵਿਚ ਹਰ ਲੋੜਵੰਦ ਪਰਵਾਰ ਦੇ ਦਰ ’ਤੇ ਖਾਣਾ ਪੁਚਾਇਆ। ਆਜ਼ਾਦੀ ਭਾਵੇਂ 70 ਸਾਲਾਂ ਤੋਂ ਵੀ ਪੁਰਾਣੀ ਹੋ ਚੁੱਕੀ ਹੈ ਪਰ ਮੁਲਕ ਦੇ ਲੋਕ ਅਜੇ ਵੀ ਬੁਨਿਆਦੀ ਸਮੱਸਿਆਵਾਂ ਦੇ ਗੁਲਾਮ ਹਨ।

ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ ਅਜੇ ਵੀ ਲੋਕਾਂ ਤੋਂ ਕੋਹਾਂ ਦੂਰ ਹੈ। ਸ਼ਹੀਦਾਂ ਦਾ ਸਮਾਜਵਾਦ ਦੂਰ-ਦੂਰ ਤਕ ਕਿਤੇ ਨਜ਼ਰ ਨਹੀਂ ਆਉਂਦਾ। ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਅਜਿਹੀਆਂ ਅਲਾਮਤਾਂ ਹਨ ਜਿਹੜੀਆਂ ਸਿਰਫ ਸਰਕਾਰ ਦੀ ਦ੍ਰਿੜ ਇੱਛਾ ਸ਼ਕਤੀ ਨਾਲ ਹੀ ਪੂਰ ਚਾੜ੍ਹੀਆਂ ਜਾ ਸਕਦੀਆਂ ਹਨ। 

ਬਾਕੀ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਇਥੋਂ ਦੇ ਸਿਰਫ 174 ਵਿਅਕਤੀ ਤਿੰਨ ਕਰੋੜ ਲੋਕਾਂ ਦੀ ਤਕਦੀਰ ਬਦਲਣ ਦੀ ਸਮਰਥਾ ਰਖਦੇ ਹਨ। ਇਨ੍ਹਾਂ ਪ੍ਰਭਾਵੀ ਵਿਅਕਤੀਆਂ ਵਿਚ ਪੰਜਾਬ ਦੇ 117 ਐਮ.ਐਲ.ਏ, 13 ਐਮ.ਪੀ, 22 ਡੀ.ਸੀ ਅਤੇ 22 ਐਸ.ਐਸ.ਪੀ। ਇਹ ਸਾਰੇ ਵਿਅਕਤੀ ਅਗਰ ਰਲ ਬੈਠ ਕੇ ਤਨੋ ਮਨੋ ਕੁਝ ਕਰਨਾ ਚਾਹੁਣ ਤਾਂ ਪੰਜਾਬ ਦੁਬਾਰਾ ਸੋਨੇ ਦੀ ਚਿੜੀ ਬਣ ਸਕਦਾ ਹੈ ਪਰ ਅੱਜ ਭ੍ਰਿਸ਼ਟਾਚਾਰ ਨੇ ਦੇਸ਼ ਦੀ ਆਰਥਿਕਤਾ ਨੂੰ ਖੂੰਜੇ ਲਗਾਇਆ ਹੋਇਆ ਹੈ ਅਤੇ ਕਾਲੇ ਧਨ ਦੇ ਰੂਪ ਵਿਚ ਦੇਸ਼ ਦਾ ਅਣਗਿਣਤ ਸਰਮਾਇਆ ਵਿਦੇਸ਼ੀ ਬੈਂਕਾਂ ਵਿਚ ਜਮਾਂ ਹੋ ਰਿਹਾ ਹੈ।