ਆਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਡੀ.ਸੀ ਦਫ਼ਤਰ 'ਤੇ ਲਹਿਰਾਇਆ ਖ਼ਾਲਿਸਤਾਨੀ ਝੰਡਾ
ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧਾਂ 'ਤੇ ਲੱਗਾ ਸਵਾਲੀਆ ਚਿੰਨ੍ਹ
ਮੋਗਾ, 14 ਅਗੱਸਤ (ਅਮਜਦ ਖ਼ਾਨ) : ਆਜ਼ਾਦੀ ਦਿਵਸ ਤੋਂ ਮਹਿਜ਼ ਇਕ ਦਿਨ ਪਹਿਲਾਂ ਮੋਗਾ ਫ਼ਿਰੋਜ਼ਪੁਰ ਰੋਡ 'ਤੇ ਡੀ.ਸੀ ਦਫ਼ਤਰ ਉਪਰ ਲੱਗੇ ਰਾਸ਼ਟਰੀ ਤਰੰਗੇ ਝੰਡੇ ਨੂੰ ਦੋ ਅਣਪਛਾਤੇ ਸਿੱਖ ਨੌਜਵਾਨਾਂ ਵਲੋਂ ਉਤਾਰ ਕੇ ਖ਼ਾਲਿਸਤਾਨ ਦਾ ਕੇਸਰੀ ਝੰਡਾ ਲਹਿਰਾ ਦਿਤਾ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਅੱਜ ਸਵੇਰੇ 8 ਕੁ ਵਜੇ ਦੇ ਕਰੀਬ ਆਏ ਦੋ ਨੌਜਵਾਨਾਂ ਨੇ ਰਾਸ਼ਟਰੀ ਝੰਡਾ ਉਤਾਰ ਕੇ ਖ਼ਾਲਿਸਤਾਨ ਦਾ ਕੇਸਰੀ ਝੰਡਾ ਲਹਿਰਾ ਦਿਤਾ ਹੈ। ਇਸ ਮੌਕੇ ਮੌਜੂਦ ਕੁੱਝ ਲੋਕਾਂ ਨੇ ਦਸਿਆ ਕਿ ਉਨ੍ਹਾਂ ਨੌਜਵਾਨਾਂ ਵਲੋਂ ਖ਼ਾਲਿਸਤਾਨ ਦੇ ਨਾਹਰੇ ਵੀ ਲਗਾਏ ਗਏ ਦੱਸੇ ਜਾ ਰਹੇ ਹਨ।
ਇਥੇ ਜ਼ਿਕਰਯੋਗ ਹੈ ਕਿ ਡੀ.ਸੀ ਦਫ਼ਤਰ ਦੇ ਨਜ਼ਦੀਕ ਹੀ ਐਸ.ਐਸ.ਪੀ ਦਫ਼ਤਰ ਵੀ ਹੈ ਜਿਥੇ ਹਰ ਵਕਤ ਪੁਲਿਸ ਨਫ਼ਰੀ ਤਾਇਨਾਤ ਰਹਿੰਦੀ ਹੈ। ਇਸ ਤਰ੍ਹਾਂ ਆਜ਼ਾਦੀ ਦਿਵਸ ਮੌਕੇ ਪੁਲਿਸ ਦੇ ਕੀਤੇ ਪ੍ਰਬੰਧਾਂ 'ਤੇ ਵੀ ਸਵਾਲੀਆ ਨਿਸਾਨ ਲੱਗਾ ਹੈ ਕਿ ਪੁਲਿਸ ਨਫ਼ਰੀ ਤਾਇਨਾਤ ਹੋਣ ਦੇ ਬਾਵਜੂਦ ਵੀ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ। ਜਦੋਂ ਇਸ ਸਬੰਧੀ ਪੁਲਿਸ ਦੇ ਉਚ ਅਧਿਆਕਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿਤਾ।