ਘੱਟ ਗਿਣਤੀਆਂ, ਗ਼ਰੀਬਾਂ, ਕਿਸਾਨਾਂ ਤੇ ਹਮਲਿਆਂ ਨੂੰ ਦਸਣ ਵਿਕਾਸ : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ
74 ਸਾਲਾਂ ਵਿਚ ਮੰਨੂਵਾਦੀਆਂ ਦਾ ਵੇਖੋ ਇਨਸਾਫ਼
ਅੰਮ੍ਰਿਤਸਰ, 16 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਪਰਮਜੀਤ ਕੌਰ ਖਾਲੜਾ, ਸਤਵੰਤ ਸਿੰਘ ਮਾਣਕ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਪ੍ਰਵੀਨ ਕੁਮਾਰ, ਸਤਵਿੰਦਰ ਸਿੰਘ, ਵਿਰਸਾ ਸਿੰਘ ਬਹਿਲਾ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਕਿਹਾ ਹੈ ਕਿ ਮੰਨੂਵਾਦ ਮਨੁੱਖਤਾ ਦਾ ਸੱਭ ਤੋਂ ਵੱਡਾ ਦੁਸ਼ਮਣ ਹੈ। ਇਸੇ ਕਰ ਕੇ 74 ਸਾਲਾਂ ਵਿਚ ਮੰਨੂਵਾਦੀਆਂ ਨੇ ਧਾਰਮਕ ਦੁਸ਼ਮਣੀਆਂ ਕਢਣ ਦਾ ਸਿਲਸਲਾ ਜਾਰੀ ਰਖਿਆ ਹੈ।
ਜੇਕਰ ਮੰਨੂਵਾਦੀਆਂ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਕੋਈ ਸਬਕ ਸਿਖਦੇ ਤਾਂ, ਨਾ 1947 ਵਿਚ ਮਨੁੱਖਤਾ ਦੀ ਵੰਡ ਹੁੰਦੀ, ਨਾ ਸ੍ਰੀ ਦਰਬਾਰ ਸਾਹਿਬ 'ਤੇ ਜੂਨ 1984 ਵਿਚ ਫ਼ੌਜੀ ਹਮਲਾ ਹੁੰਦਾ ਅਤੇ ਨਾ ਬਾਬਰੀ ਮਸਜਿਦ ਢਹਿਦੀ। ਮੰਨੂਵਾਦੀਏ ਸਿੱਖੀ ਦੇ ਜਨਮ ਤੋਂ ਹੀ ਇਸ ਕਰ ਕੇ ਵੈਰੀ ਹਨ ਕਿਉਂਕਿ ਸਿੱਖੀ ਮਨੁੱਖੀ ਬਰਾਬਰਤਾ, ਜਾਤ-ਪਾਤ ਦੇ ਖ਼ਾਤਮੇ, ਜ਼ੁਲਮ ਦੀ ਵਿਰੋਧਤਾ, ਮੂਰਤੀ ਪੂਜਾ ਦਾ ਵਿਰੋਧ ਅਤੇ ਗ਼ਰੀਬਾਂ, ਨਿਮਾਣਿਆਂ, ਨਿਤਾਣਿਆਂ ਦਾ ਸਾਥ ਦੇਣ ਦਾ ਦਮ ਭਰਦੀ ਹੈ।
ਮੰਨੂਵਾਦੀਏ ਮਨੁੱਖਤਾ ਵਿਚ ਵੰਡੀਆਂ ਪਾਉਣ, ਜਾਤ-ਪਾਤ ਅਤੇ ਜ਼ੁਲਮ ਦੇ ਹਾਮੀ ਹਨ। ਮੰਨੂਵਾਦੀਆਂ ਨੇ ਅਪਣੇ ਪੰਜਾਬ ਅੰਦਰਲੇ ਦਲਾਲਾਂ ਰਾਹੀਂ (ਬਾਦਲਾਂ) ਨਸ਼ਿਆਂ ਨਾਲ ਪੰਜਾਬ ਦੀ ਬੁਰੀ ਤਬਾਹੀ ਕੀਤੀ। ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਕਰਵਾ ਕੇ ਦੋਸ਼ੀਆਂ ਨੂੰ ਸੀ.ਬੀ.ਆਈ ਰਾਹੀਂ ਬਚਾਉਣ ਦੇ ਯਤਨ ਹੋ ਰਹੇ ਹਨ। ਜ਼ਹਿਰੀਲੀ ਸ਼ਰਾਬ ਰਾਹੀਂ 120 ਤੋਂ ਉਪਰ ਲੋਕ ਜਾਨਾਂ ਗਵਾ ਚੁਕੇ ਹਨ। ਸਾਰੇ ਇਕ ਦੂਜੇ ਨੂੰ ਮੇਹਣੇ ਮਾਰ ਰਹੇ ਹਨ ਕਿ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੂੰ ਸ਼ਰਾਬ ਵਰਤਾਉਣੀ ਨਹੀਂ ਆਉਂਦੀ।