'ਕਿੱਕੀ ਢਿੱਲੋਂ ਵਲੋਂ ਬਾਦਲਾਂ ਨੂੰ ਖੁਲ੍ਹੀ ਬਹਿਸ ਦੀ ਚੁਣੌਤੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਟੀਆ ਰਾਜਨੀਤੀ ਕਰ ਕੇ ਹਰਸਿਮਰਤ ਤੇ ਸੁਖਬੀਰ ਨੇ ਹਮੇਸ਼ਾ ਪੰਜਾਬ ਵਿਰੋਧੀ ਹੋਣ ਦਾ ਦਿਤਾ ਸਬੂਤ : ਢਿੱਲੋਂ

image

ਬੇਅਦਬੀ ਕਾਂਡ ਤੇ ਸੀਬੀਆਈ ਦੀ ਕਲੋਜ਼ਰ ਰਿਪੋਰਟ 'ਤੇ ਕਿਉਂ ਹੈ ਚੁੱਪ ਹਰਸਿਮਰਤ


ਕੋਟਕਪੂਰਾ, 20 ਅਗੱਸਤ (ਗੁਰਿੰਦਰ ਸਿੰਘ) : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਪਣੀ ਘਟੀਆ ਰਾਜਨੀਤੀ ਅਤੇ ਪੰਜਾਬ ਵਿਰੋਧੀ ਕਾਰਵਾਈਆਂ ਕਰ ਕੇ ਹਮੇਸ਼ਾ ਪੰਜਾਬ ਅਤੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿਤਾ ਹੈ, ਇਹ ਦੋਵੇਂ ਅਕਾਲੀ ਆਗੂਆਂ ਨੇ ਕੇਂਦਰ ਤੋਂ ਪੰਜਾਬ ਲਈ ਵਿਕਾਸ ਪ੍ਰਾਜੈਕਟ ਲਿਆਉਣ ਦੀ ਥਾਂ ਪੰਜਾਬ 'ਚ ਅਤੇ ਖ਼ਾਸ ਕਰ ਕੇ ਫ਼ਰੀਦਕੋਟ ਜ਼ਿਲ੍ਹੇ 'ਚ ਚੱਲ ਰਹੇ ਵਿਕਾਸ ਕਾਰਜ ਰੋਕਣ ਲਈ ਜ਼ੋਰ ਲਾਇਆ ਹੈ।  ਇਹ ਦੋਸ਼ ਲਾਉਂਦਿਆਂ ਫ਼ਰੀਦਕੋਟ ਤੋਂ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਜਦੋਂ ਵੀ ਫ਼ਰੀਦਕੋਟ ਆਉਂਦੇ ਹਨ ਤਾਂ ਇਹ ਫ਼ਰੀਦਕੋਟ ਲਈ ਕੋਈ ਮਨਹੂਸ ਖ਼ਬਰ ਹੀ ਲਿਆਉਂਦੇ ਹਨ ਅਤੇ ਫ਼ਰੀਦਕੋਟ ਜ਼ਿਲ੍ਹੇ ਦਾ ਵਿਕਾਸ ਰੋਕਣ ਲਈ ਅਪਣਾ ਪੂਰਾ ਤਾਣ ਲਾਉਂਦੇ ਹਨ। ਉੁਨ੍ਹਾਂ ਕਿਹਾ ਕਿ ਹਰਸਿਮਰਤ ਨੇ ਫ਼ਰੀਦਕੋਟ 'ਚ ਚੱਲ ਰਹੇ ਮਨਰੇਗਾ ਦੇ ਕੰਮਾਂ 'ਤੇ ਰੋਕ ਲਾਉਣ ਲਈ ਕੇਂਦਰੀ ਮੰਤਰੀ ਨੂੰ ਪੱਤਰ ਲਿਖਿਆ ਹੈ, ਜੋ ਕਿ ਉਸ ਦੀ ਬਚਕਾਨਾ ਤੇ ਘਟੀਆ ਰਾਜਨੀਤੀ ਦਾ ਸਬੂਤ ਹੈ।

image


ਉਨ੍ਹਾਂ ਦੋਸ਼ ਲਾਇਆ ਕਿ ਹਰਸਿਮਰਤ ਕੌਰ ਬਾਦਲ ਅਪਣੀ ਇਸ ਘਟੀਆ ਕਾਰਵਾਈ ਨਾਲ ਫ਼ਰੀਦਕੋਟ ਜ਼ਿਲ੍ਹੇ ਦੇ ਗ਼ਰੀਬਾਂ ਦਾ ਰੁਜ਼ਗਾਰ ਅਤੇ ਵਿਕਾਸ ਰੋਕਣ 'ਤੇ ਤੁਲੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਮੁੱਚਾ ਅਕਾਲੀ ਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਉਸ ਸਮੇਂ ਕਿਉਂ ਨਹੀਂ ਬੋਲੇ ਜਦੋਂ ਸੀਬੀਆਈ ਨੇ ਬੇਅਦਬੀ ਕਾਂਡ ਦੀ ਜਾਂਚ 'ਚ ਅਪਣੀ ਕਲੋਜ਼ਰ ਰਿਪੋਰਟ ਪੇਸ਼ ਕੀਤੀ ਸੀ ਤੇ ਉਸ ਸਮੇਂ ਪ੍ਰਧਾਨ ਮੰਤਰੀ ਨੂੰ ਹਰਸਿਮਰਤ ਕੌਰ ਬਾਦਲ ਨੇ ਕਿਉਂ ਨਹੀਂ ਚਿੱਠੀ ਲਿਖੀ?
ਕਿਸਾਨੀ ਅਤੇ ਸਮੁੱਚੇ ਪੰਜਾਬ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰਦੇ ਤਿੰਨ ਆਰਡੀਨੈਂਸ ਪਾਸ ਕੀਤੇ ਗਏ ਪਰ ਹਰਸਿਮਰਤ, ਸੁਖਬੀਰ ਬਾਦਲ ਤੇ ਸਮੁੱਚੇ ਅਕਾਲੀ ਦਲ ਨੇ ਇਨ੍ਹਾਂ ਆਰਡੀਨੈਂਸਾਂ ਦੀ ਹਮਾਇਤ ਕੀਤੀ। ਉਨ੍ਹਾਂ ਹਰਸਿਮਰਤ ਅਤੇ ਸੁਖਬੀਰ ਬਾਦਲ ਤੋਂ ਪੁਛਿਆ ਕਿ ਉਹ ਦਸਣ ਕਿ ਉਨ੍ਹਾਂ ਫ਼ਰੀਦਕੋਟ ਲਈ ਕੀ ਕੀਤਾ? ਕਿੱਕੀ ਢਿੱਲੋਂ ਨੇ ਕਿਹਾ ਕਿ ਹਰਸਿਮਰਤ ਬਾਦਲ ਫ਼ਰੀਦਕੋਟ ਦੇ ਵਿਕਾਸ ਕਾਰਜਾਂ ਸਬੰਧੀ ਉਨ੍ਹਾਂ ਨਾਲ ਖੁਲ੍ਹੀ ਬਹਿਸ ਕਰਨ।  ਉਨ੍ਹਾਂ ਫ਼ਰੀਦਕੋਟ ਤੋਂ ਅਕਾਲੀ ਆਗੂ ਬੰਟੀ ਰੋਮਾਣਾ ਨੂੰ ਵੀ ਅਪੀਲ ਕੀਤੀ ਕਿ ਉਹ ਬਿਨਾਂ ਗੱਲੋਂ ਸਰਕਾਰ ਦੇ ਵਿਕਾਸ ਕਾਰਜਾਂ 'ਚ ਅੜਿੱਕਾ ਨਾ ਡਾਹੁਣ ਅਤੇ ਫ਼ਰੀਦਕੋਟ ਦੇ ਲੋਕਾਂ ਲਈ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਵੱਡੇ ਪੱਧਰ 'ਤੇ ਵਿਕਾਸ ਕਾਰਜਾਂ ਦੀ ਹਮਾਇਤ ਕਰ ਕੇ ਲੋਕਪੱਖੀ ਤੇ ਫ਼ਰੀਦਕੋਟ ਪੱਖੀ ਹੋਣ ਦਾ ਸਬੂਤ ਦੇਣ।